ਆਬਾਦੀ ਨੀਤੀ ਸਭ ’ਤੇ ਬਰਾਬਰ ਲਾਗੂ ਹੋਵੇ : ਭਾਗਵਤ

0
253

ਨਾਗਪੁਰ : ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਪ੍ਰਮੁੱਖ ਮੋਹਨ ਭਾਗਵਤ ਨੇ ਬੁੱਧਵਾਰ ਕਿਹਾ ਕਿ ਭਾਰਤ ’ਚ ਆਬਾਦੀ ’ਤੇ ਵਿਆਪਕ ਨੀਤੀ ਹੋਣੀ ਚਾਹੀਦੀ ਹੈ, ਜੋ ਸਾਰਿਆਂ ’ਤੇ ਬਰਾਬਰ ਲਾਗੂ ਹੋਵੇ ਅਤੇ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਦੁਸਹਿਰੇ ’ਤੇ ਸੰਘ ਦੇ ਨਾਗਪੁਰ ਹੈੱਡਕੁਆਰਟਰ ’ਚ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ-ਆਬਾਦੀ ਕੰਟਰੋਲ ਦੇ ਨਾਲ-ਨਾਲ ਧਾਰਮਿਕ ਆਧਾਰ ’ਤੇ ਆਬਾਦੀ ਦਾ ਸੰਤੁਲਨ ਵੀ ਮਹੱਤਵਪੂਰਨ ਮਾਮਲਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਆਬਾਦੀ ਦਾ ਅਸੰਤੁਲਨ ਭੂਗੋਲਿਕ ਹੱਦਾਂ ’ਚ ਬਦਲਾਅ ਦਾ ਕਾਰਨ ਬਣਦਾ ਹੈ, ਇਸ ਲਈ ਨਵੀਂ ਆਬਾਦੀ ਨੀਤੀ ਨੂੰ ਸਾਰਿਆਂ ’ਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਚੀਨ ਦੀ ਇਕ ਪਰਵਾਰ ਇਕ ਬੱਚਾ ਨੀਤੀ ਦਾ ਜ਼ਿਕਰ ਕਰਦਿਆਂ ਭਾਗਵਤ ਨੇ ਕਿਹਾ-ਜਦੋਂ ਅਸੀਂ ਆਬਾਦੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਚੀਨ ਵਿਚ ਕੀ ਹੋ ਰਿਹਾ ਹੈ। ਉਸ ਦੇਸ਼ ਨੇ ਇਕ ਪਰਵਾਰ, ਇਕ ਬੱਚਾ ਦੀ ਨੀਤੀ ਅਪਣਾਈ ਅਤੇ ਹੁਣ ਉਹ ਬੁੱਢਾ ਹੋ ਰਿਹਾ ਹੈ।
ਪ੍ਰੋਗਰਾਮ ਵਿਚ ਦੋ ਵਾਰ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਪਦਮਸ੍ਰੀ ਸੰਤੋਸ਼ ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ।

LEAVE A REPLY

Please enter your comment!
Please enter your name here