ਅੰਬਾਲਾ : ਅੰਬਾਲਾ ਜ਼ਿਲ੍ਹੇ ਦੇ ਧਨੌਰਾ ਪਿੰਡ ਵਿੱਚ ਮੰਗਲਵਾਰ ਸਵੇਰੇ ਕਰੀਬ ਚਾਰ ਸਾਲ ਦਾ ਇਕ ਬੱਚਾ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ, ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੇ ਪੱਧਰ ‘ਤੇ ਬਚਾਅ ਅਭਿਆਨ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੀ ਪਛਾਣ ਨਿਰਭੈ ਵਜੋਂ ਹੋਈ ਹੈ। ਸਵੇਰੇ ਕਰੀਬ 7 ਵਜੇ ਉਹ ਆਪਣੇ ਪਰਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਗਿਆ ਹੋਇਆ ਸੀ। ਇਸ ਦੌਰਾਨ ਉਹ ਅਚਾਨਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਬਚਾਅ ਕਾਰਜ ਲਈ ਐੱਨ ਡੀ ਆਰ ਐੱਫ, ਐੱਸ ਡੀ ਆਰ ਐੱਫ ਅਤੇ ਫੌਜ ਦੀਆਂ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅੰਬਾਲਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਰਹਿ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਦੱਸਿਆ ਗਿਆ ਹੈ ਕਿ ਬੋਰ 200 ਫੁੱਟ ਤੋਂ ਵੱਧ ਡੂੰਘਾ ਹੈ। ਬੱਚੇ ਦੀ ਸਥਿਤੀ ਅਤੇ ਹਰਕਤ ‘ਤੇ ਨਜ਼ਰ ਰੱਖਣ ਲਈ ਕੈਮਰੇ ਦੀ ਮਦਦ ਲਈ ਜਾ ਰਹੀ ਹੈ।
3 ਮਾਸੂਮਾਂ ਨੂੰ ਨਹਿਰ ‘ਚ ਸੁੱਟਿਆ
ਮੁਹਾਲੀ : ਇੱਥੋਂ ਦੀ ਵਿਧਵਾ ਸ਼ਕੁੰਤਲਾ ਉਰਫ਼ ਸੁਮਨ ਨੇ ਆਪਣੇ ਤਿੰਨ ਬੱਚਿਆਂ, ਦੋ ਪੁੱਤਰਾਂ ਅਤੇ ਇੱਕ ਧੀ ਨੂੰ ਮੋਰਿੰਡਾ ਨੇੜੇ ਇਕ ਨਹਿਰ ਵਿੱਚ ਸੁੱਟ ਦਿੱਤਾ। ਪੁਲਸ ਨੇ ਬੀਤੀ ਰਾਤ 6 ਸਾਲਾ ਤਨਵੀ ਅਤੇ 10 ਸਾਲਾ ਤਪਿਸ਼ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ, ਜਦ ਕਿ 4 ਸਾਲਾ ਨਿਤਿਨ ਦੀ ਭਾਲ ਅਜੇ ਵੀ ਜਾਰੀ ਹੈ। ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਇਕੱਠੇ ਹੋਏ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿਲਾ ਦੇ ਪਤੀ ਕਮਲ ਨੇ ਕੁਝ ਮਹੀਨੇ ਪਹਿਲਾਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੇ ਕਾਰਨਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਘਟਨਾ ਵੇਲੇ ਉਹ ਇਕੱਲੀ ਸੀ ਜਾਂ ਉਸ ਨਾਲ ਕੋਈ ਹੋਰ ਵਿਅਕਤੀ ਵੀ ਮੌਜੂਦ ਸੀ। ਮ੍ਰਿਤਕ ਬੱਚਿਆਂ ਦੀ ਦਾਦੀ ਨੇ ਵਿਰਲਾਪ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਮਹਿਲਾ ਖਿਲਾਫ਼ ਸਖ਼ਤ ਕਾਰਵਾਈ ਦੀ ਬੇਨਤੀ ਕੀਤੀ ਹੈ।




