ਨਹੀਂ ਬਚਿਆ ਨਿਰਵੈਰ

0
10

ਅੰਬਾਲਾ : ਧਨੌਰਾ ਪਿੰਡ ਵਿੱਚ ਮੰਗਲਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਨਿਰਵੈਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ। ਬੁੱਧਵਾਰ ਤੜਕਸਾਰ ਕਰੀਬ 3:25 ਵਜੇ ਬਚਾਅ ਕਾਰਜ ਮੁਕੰਮਲ ਹੋਇਆ, ਪਰ ਨਿਰਵੈਰ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਬੋਰਵੈੱਲ ਵਿੱਚ ਪਾਣੀ ਵੀ ਸੀ, ਇਸ ਲਈ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਸਪੱਸ਼ਟ ਹੋਵੇਗਾ। ਨਿਰਵੈਰ ਪਿਤਾ ਮਨਜੀਤ ਸਿੰਘ ਨਾਲ ਸਵੇਰੇ ਦਾਦਾ ਜੀ ਨੂੰ ਖਾਣਾ ਦੇਣ ਖੇਤਾਂ ਵਿੱਚ ਗਿਆ ਸੀ। ਖੇਡਦੇ ਹੋਏ ਉਹ ਗੁਆਂਢੀ ਦੇ ਬੋਰਵੈੱਲ ਵਿੱਚ ਡਿੱਗ ਗਿਆ।
ਤਾਪ ਬਿਜਲੀ ਘਰਾਂ ਦੇ 3500 ਆਊਟ ਸੋਰਸ ਕਾਮੇ ਠੇਕਾ ਪ੍ਰਣਾਲੀ ‘ਚ
ਚੰਡੀਗੜ੍ਹ : ਪਾਵਰਕੌਮ ਵੱਲੋਂ ਤਾਪ ਬਿਜਲੀ ਘਰਾਂ ਦੇ ਆਊਟ ਸੋਰਸ ਕਾਮਿਆਂ ਨੂੰ ਠੇਕਾ ਪ੍ਰਣਾਲੀ ‘ਚ ਲਿਆਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦੇਣ ਤੋਂ ਬਾਅਦ ਆਊਟ ਸੋਰਸ ਕਾਮਿਆਂ ਦੀ ਯੂਨੀਅਨ ਨੇ ਹੜਤਾਲ ਖਤਮ ਕਰ ਦਿੱਤੀ ਹੈ। ਨੋਟੀਫਿਕੇਸ਼ਨ ਮੁਤਾਬਕ ਚਾਰ ਕੈਟਾਗਰੀ ਦੇ ਇਨ੍ਹਾਂ ਕਾਮਿਆਂ ‘ਚੋਂ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਾਮਿਆਂ ਨੂੰ ਠੇਕਾ ਪ੍ਰਣਾਲੀ ‘ਚ ਲਿਆ ਜਾਣਾ ਹੈ, ਜਦੋਂ ਕਿ ਬਾਕੀਆਂ ਨੂੰ ਤਿੰਨ ਸਾਲ ਦਾ ਸਮਾਂ ਪੂਰੇ ਹੋਣ ਮਗਰੋਂ ਲਿਆ ਜਾਵੇਗਾ। ਇਸ ਫੈਸਲੇ ਦਾ ਕਰੀਬ 3500 ਆਊਟ ਸੋਰਸ ਕਾਮਿਆਂ ਨੂੰ ਲਾਭ ਮਿਲੇਗਾ। ਬਹੁਤੇ ਕਾਮੇ ਤਾਂ 1997 ਤੋਂ ਹੀ ਆਊਟ ਸੋਰਸ ‘ਤੇ ਚੱਲੇ ਆ ਰਹੇ ਸਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਨੂੰ 30 ਜੂਨ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ।
ਕਮਰਸ਼ੀਅਲ 183.50 ਰੁਪਏ ਘਟਿਆ
ਨਵੀਂ ਦਿੱਲੀ : 19 ਕਿੱਲੋ ਦੇ ਕਮਰਸ਼ੀਅਲ ਸਿਲੰਡਰ ਦੇ ਰੇਟ ਵਿੱਚ ਸਰਕਾਰੀ ਤੇਲ ਕੰਪਨੀਆਂ ਨੇ 183.50 ਰੁਪਏ ਦੀ ਕਟੌਤੀ ਕੀਤੀ ਹੈ। ਇਹ ਸਿਲੰਡਰ 3,113 ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਸੀ, ਜੋ ਹੁਣ ਘਟ ਕੇ 2,930 ਰੁਪਏ ਦਾ ਮਿਲੇਗਾ। 5 ਕਿੱਲੋ ਦਾ ਸਿਲੰਡਰ 13 ਰੁਪਏ ਘਟ ਕੇ 808.50 ਰੁਪਏ ਦਾ ਮਿਲੇਗਾ। ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ 942 ਰੁਪਏ ‘ਤੇ ਬਰਕਰਾਰ ਹੈ।