ਨਵੀਂ ਦਿੱਲੀ/ਇਸਲਾਮਾਬਾਦ (ਨ ਜ਼ ਸ)
ਭਾਰਤ-ਪਾਕਿਸਤਾਨ ਸੰਬੰਧਾਂ ਨੂੰ ਬਿਹਤਰ ਬਣਾਉਣ ਲਈ, ਦੋਵਾਂ ਦੇਸ਼ਾਂ ਦੀਆਂ 117 ਪ੍ਰਮੁੱਖ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਵਿਕਾਸ ਦੇ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਟਕਰਾਅ ਦੀ ਬਜਾਏ ਗੱਲਬਾਤ ਦੀ ਚੋਣ ਕਰਨ ਦੀ ਅਪੀਲ ਕੀਤੀ ਹੈ।
117 ਵਿਅਕਤੀਆਂ ਵਿੱਚ ਸਾਬਕਾ ਅਧਿਕਾਰੀ, ਸਮਾਜਿਕ ਤੇ ਸਿਆਸੀ ਸ਼ਖਸੀਅਤਾਂ ਸ਼ਾਮਲ ਹਨ। ਇਨ੍ਹਾਂ ਵਿੱਚ ਭਾਰਤ ਦੀਆਂ 61 ਸ਼ਖਸੀਅਤਾਂ ਹਨ, ਜਿਨ੍ਹਾਂ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ, ਮੀਰਵਾਇਜ਼ ਉਮਰ ਫਾਰੂਕ, ਸਾਬਕਾ ਟੀ ਐੱਮ ਸੀ ਮੰਤਰੀ ਤੇ ਮੌਜੂਦਾ ਏ ਜੇ ਯੂ ਪੀ ਨੇਤਾ ਹੁਮਾਯੂੰ ਕਬੀਰ ਅਤੇ ਆਰ ਜੇ ਡੀ ਦੇ ਸੰਸਦ ਮੈਂਬਰ ਮਨੋਜ ਝਾਅ ਸ਼ਾਮਲ ਸਨ। ਪਾਕਿਸਤਾਨ ਦੀਆਂ 56 ਸ਼ਖਸੀਅਤਾਂ ਵਿੱਚ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ, ਡਿਪਲੋਮੈਟ ਅਸ਼ਰਫ ਜਹਾਂਗੀਰ ਕਾਜ਼ੀ, ਨੈਸ਼ਨਲ ਅਸੈਂਬਲੀ ਮੈਂਬਰ ਇਸਫਾਨਯਾਰ ਭੰਡਾਰਾ ਤੋਂ ਇਲਾਵਾ ਪ੍ਰਮਾਣੂ ਭੌਤਿਕ ਵਿਗਿਆਨੀ ਤੇ ਲੇਖਕ ਪਰਵੇਜ਼ ਹੁਦਭੌਏ ਸ਼ਾਮਲ ਹਨ।
ਪੱਤਰ ਵਿੱਚ ਅਪੀਲ ਕੀਤੀ ਗਈ ਹੈ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿੱਚ ਹਾਈ ਕਮਿਸ਼ਨਰਾਂ ਦੀ ਬਹਾਲੀ ਕੀਤੀ ਜਾਵੇ, ਆਮ ਵੀਜ਼ਾ ਸੇਵਾਵਾਂ ਨੂੰ ਮੁੜ ਸ਼ੁਰੂ ਕੀਤਾ ਜਾਵੇ ਅਤੇ ਹਵਾਈ ਖੇਤਰ ਨੂੰ ਦੁਬਾਰਾ ਖੋਲ੍ਹਿਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ, ”ਭਾਰਤ ਅਤੇ ਪਾਕਿਸਤਾਨ ਇਕੱਠੇ ਮਨੁੱਖਤਾ ਦੇ ਲੱਗਭੱਗ ਪੰਜਵੇਂ ਹਿੱਸੇ ਦਾ ਘਰ ਹਨ। ਸਾਡੀ ਆਬਾਦੀ ਦਾ ਇੱਕ ਵੱਡਾ ਹਿੱਸਾ ਨੌਜਵਾਨ ਹੈ… ਦੋਵਾਂ ਦੇਸ਼ਾਂ ਦੇ ਲੋਕ ਸਥਾਈ ਅਵਿਸ਼ਵਾਸ ਅਤੇ ਟਕਰਾਅ ਦੀ ਬਜਾਏ ਸ਼ਾਂਤੀ, ਵਿਕਾਸ, ਸੰਪਰਕ ਅਤੇ ਸਹਿਯੋਗ ਦੁਆਰਾ ਪਰਿਭਾਸ਼ਤ ਭਵਿੱਖ ਦੇ ਹੱਕਦਾਰ ਹਨ।”
ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਸ਼ਾਂਤੀ, ਆਮ ਸਥਿਤੀ, ਗੱਲਬਾਤ ਅਤੇ ਸਹਿਯੋਗ ਨੂੰ ਬਹਾਲ ਕਰਨ ਲਈ ਸਾਰਥਕ ਅਤੇ ਨਿਰੰਤਰ ਕਦਮ ਚੁੱਕਣ ਦੀ ਅਪੀਲ ਕਰਦੇ ਹੋਏ ਪੱਤਰ ਵਿਚ ਲਗਾਤਾਰ ਦੁਸ਼ਮਣੀ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜੋ ਦੋਵਾਂ ਪਾਸਿਆਂ ਦੇ ਲੱਖਾਂ ਨੌਜਵਾਨਾਂ ਨੂੰ ਮੌਕਿਆਂ, ਖੁਸ਼ਹਾਲੀ ਅਤੇ ਸੁਰੱਖਿਅਤ ਭਵਿੱਖ ਤੋਂ ਵਾਂਝਾ ਕਰ ਰਹੀ ਹੈ।
‘ਸੈਂਟਰ ਫਾਰ ਪੀਸ ਐਂਡ ਪ੍ਰੋਗਰੈਸ’ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਤੁਰੰਤ ਕੂਟਨੀਤਕ ਉਪਾਵਾਂ ਤੋਂ ਲੈ ਕੇ ਇੱਕ ਢਾਂਚਾਗਤ ਗੱਲਬਾਤ ਦੀ ਮੁੜ ਸ਼ੁਰੂਆਤ, ਲੋਕਾਂ ਦੇ ਲੋਕਾਂ ਨਾਲ ਸੰਬੰਧਾਂ ਨੂੰ ਮੁੜ ਜੋੜਨ ਦੇ ਨਾਲ-ਨਾਲ ਧਾਰਮਿਕ ਅਤੇ ਸੱਭਿਆਚਾਰਕ ਪਹੁੰਚ ਨੂੰ ਉਤਸ਼ਾਹਤ ਕਰਨ ਤੱਕ ਦੇ ਸੁਝਾਅ ਦਿੱਤੇ ਗਏ ਹਨ। ਪੱਤਰ ਵਿੱਚ ਜੰਮੂ-ਕਸ਼ਮੀਰ ‘ਤੇ ਚਰਚਾ ਵਰਗੇ ਸਾਰੇ ਬਕਾਇਆ ਮੁੱਦਿਆਂ ‘ਤੇ ਇੱਕ ਵਿਆਪਕ ਦੁਵੱਲੀ ਗੱਲਬਾਤ ਮੁੜ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਵਪਾਰ ਅਤੇ ਯਾਤਰਾ ਲਈ ਅਟਾਰੀ-ਵਾਹਗਾ ਜ਼ਮੀਨੀ ਸਰਹੱਦ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਸੁਝਾਅ ਦੇਣ ਤੋਂ ਇਲਾਵਾ, ਸ੍ਰੀਨਗਰ-ਮੁਜ਼ੱਫਰਾਬਾਦ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਨ ਸਮੇਤ ਹੋਰ ਸੰਪਰਕ ਪਹਿਲਕਦਮੀਆਂ ਦੇ ਨਾਲ, ਯਾਤਰਾ ਦੇ ਸਮੇਂ ਅਤੇ ਲਾਗਤਾਂ ਨੂੰ ਘਟਾਉਣ ਤੇ ਸੰਪਰਕ ਨੂੰ ਬਿਹਤਰ ਬਣਾਉਣ ਲਈ ਕਮਰਸ਼ੀਅਲ ਏਅਰਲਾਈਨਾਂ ਲਈ ਹਵਾਈ ਖੇਤਰ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਵੀ ਕੀਤੀ ਗਈ ਹੈ। ਪੱਤਰ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਇੱਕ ਮਹੱਤਵਪੂਰਨ ਵਿਸ਼ਵਾਸ-ਨਿਰਮਾਣ ਉਪਾਅ ਵਜੋਂ ਦੁਬਾਰਾ ਖੋਲ੍ਹਣ ਦੇ ਨਾਲ-ਨਾਲ ਪਾਕਿਸਤਾਨ ਦੀ ਨੀਲਮ ਘਾਟੀ ਵਿੱਚ ਸਥਿਤ ਸ਼ਾਰਦਾ ਪੀਠ (ਕਸ਼ਮੀਰੀ ਪੰਡਤਾਂ ਦਾ ਪਵਿੱਤਰ ਧਾਰਮਿਕ ਸਥਾਨ) ਖੋਲ੍ਹਣ ਦੀ ਅਪੀਲ ਕਰਨ ਦੇ ਨਾਲ-ਨਾਲ ਸਰਹੱਦ ਦੇ ਦੋਵੇਂ ਪਾਸੇ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤੀ ਸਥਾਨਾਂ ਦੇ ਦੌਰੇ ਦੀ ਸਹੂਲਤ ਦੇਣ ਦੀ ਮੰਗ ਕੀਤੀ ਗਈ ਹੈ। ਪੱਤਰ ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੂੰ ਕਿਹਾ ਗਿਆ ਹੈ, ”ਅਸੀਂ ਤੁਹਾਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਤੁਸੀਂ ਆਮ ਲੋਕਾਂ ਦੀਆਂ ਇੱਛਾਵਾਂ ਨੂੰ ਸੁਣੋ ਅਤੇ ਅਲੱਗ-ਥਲੱਗਤਾ ਦੀ ਬਜਾਏ ਸ਼ਮੂਲੀਅਤ, ਦੁਸ਼ਮਣੀ ਦੀ ਬਜਾਏ ਗੱਲਬਾਤ ਅਤੇ ਟਕਰਾਅ ਦੀ ਬਜਾਏ ਸਹਿਯੋਗ ਦੀ ਚੋਣ ਕਰੋ। ਦੱਖਣੀ ਏਸ਼ੀਆ ਦਾ ਭਵਿੱਖ ਵੰਡ ਅਤੇ ਟਕਰਾਅ ਦੁਆਰਾ ਨਹੀਂ, ਸਗੋਂ ਸ਼ਾਂਤੀ, ਖੁਸ਼ਹਾਲੀ ਅਤੇ ਸਾਂਝੀ ਤਰੱਕੀ ਦੁਆਰਾ ਘੜਿਆ ਜਾਣਾ ਚਾਹੀਦਾ ਹੈ।” ਪੱਤਰ ਵਿੱਚ ਅੱਗੇ ਕਿਹਾ ਗਿਆ ਹੈ, ”ਇਹ ਲੱਗਭੱਗ ਦੋ ਅਰਬ ਲੋਕਾਂ ਦੀ ਭਲਾਈ, ਇੱਛਾਵਾਂ ਅਤੇ ਭਵਿੱਖ ਨੂੰ ਟਕਰਾਅ ਅਤੇ ਵੰਡ ਤੋਂ ਉੱਪਰ ਰੱਖਣ ਦਾ ਸੱਦਾ ਹੈ। ਸਾਡਾ ਮੰਨਣਾ ਹੈ ਕਿ ਸ਼ਾਂਤੀ, ਗੱਲਬਾਤ ਅਤੇ ਸਹਿਯੋਗ ਇੱਕ ਸਥਿਰ, ਖੁਸ਼ਹਾਲ ਅਤੇ ਸੁਰੱਖਿਅਤ ਦੱਖਣੀ ਏਸ਼ੀਆ ਵੱਲ ਸਭ ਤੋਂ ਪੱਕਾ ਰਸਤਾ ਪੇਸ਼ ਕਰਦੇ ਹਨ।”





