ਪ੍ਰਧਾਨ ਮੰਤਰੀ ਦਾ ਧ੍ਰਿਤਰਾਸ਼ਟਰ ਵਰਗਾ ਰੋਲ : ਕੇਜਰੀਵਾਲ

0
3

ਦਾਨ ਘੁਟਾਲਾ : ਪ੍ਰਧਾਨ ਮੰਤਰੀ ਨੇ ਖੁਦ ਰਾਮ ਮੰਦਰ ਟਰੱਸਟ ਬਣਾਇਆ ਤੇ ਆਪਣੇ ਖਾਸ ਚੰਪਤ ਰਾਏ ਨੂੰ ਸਰਵੇਸਰਵਾ ਬਣਾਇਆ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸ੍ਰੀ ਰਾਮ ਦੇ ਮੰਦਰ ਵਿੱਚ ਚੰਦਾ ਚੋਰੀ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਪ੍ਰਭੂ ਸ੍ਰੀ ਰਾਮ ਦੇ ਮੰਦਰ ਵਿੱਚ ਚੰਦਾ ਚੋਰੀ ਦੇ ਅਸਲੀ ਗੁਨਾਹਗਾਰਾਂ ਨੂੰ ਬਚਾ ਰਹੇ ਹਨ? ਕਿਉਂਕਿ ਮੋਦੀ ਜੀ ਨੇ ਖੁਦ ਟਰੱਸਟ ਬਣਾਇਆ, ਇੱਕ-ਇੱਕ ਵਿਅਕਤੀ ਨੂੰ ਖੁਦ ਚੁਣਿਆ ਅਤੇ ਆਪਣੇ ਖਾਸ ਚੰਪਤ ਰਾਏ ਨੂੰ ਮੰਦਰ ਦਾ ਸਰਵੇਸਰਵਾ ਵੀ ਬਣਾਇਆ। ਅਜਿਹੇ ਵਿੱਚ ਕੀ ਦੇਸ਼ ਦੇ ਲੋਕਾਂ ਨੂੰ ਭਰੋਸਾ ਹੈ ਕਿ ਮੋਦੀ ਜੀ ਅਸਲੀ ਚੋਰਾਂ ਨੂੰ ਸਜ਼ਾ ਦਿਵਾ ਸਕਣਗੇ? ਕਿਉਂਕਿ ਪੂਰਾ ਘਟਨਾਕ੍ਰਮ ਤਾਂ ਇਹੀ ਦਿਖਾਉਂਦਾ ਹੈ ਕਿ ਮੋਦੀ ਜੀ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਕੇਜਰੀਵਾਲ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੀ ਜ਼ਮੀਨ ਖਰੀਦ, ਨਿਰਮਾਣ ਅਤੇ ਚੜ੍ਹਾਵੇ ਵਿੱਚ ਏਨੇ ਵੱਡੇ-ਵੱਡੇ ਘੁਟਾਲੇ ਹੋ ਗਏ, ਮੋਦੀ ਜੀ ਨੂੰ ਪਤਾ ਕਿਵੇਂ ਨਹੀਂ ਲੱਗਿਆ? ਸੱਚ ਤਾਂ ਇਹ ਹੈ ਕਿ ਉਨ੍ਹਾ ਨੂੰ ਸਭ ਪਤਾ ਸੀ, ਪਰ ਉਹ ਧ੍ਰਿਤਰਾਸ਼ਟਰ ਬਣੇ ਰਹੇ। ਜਦੋਂ ਦੇਸ਼ ਦੇ ਸਾਹਮਣੇ ਸੱਚ ਆਉਣ ਲੱਗਿਆ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਫਰਜ਼ੀ ਐੱਸ ਆਈ ਟੀ ਬਣਾ ਦਿੱਤੀ। ਉਨ੍ਹਾ ਕਿਹਾ ਕਿ ਜਦੋਂ ਸਾਡੇ ਸਾਂਸਦ ਸੰਜੇ ਸਿੰਘ ਨੇ ਜ਼ਮੀਨ ਘੁਟਾਲੇ ਦੇ ਸਬੂਤ ਦਿੱਤੇ, ਤਾਂ ਐਸਆਈਟੀ ਨੇ ਕਿਹਾ ਕਿ ਉਹ ਜ਼ਮੀਨ ਘੁਟਾਲੇ ਦੀ ਜਾਂਚ ਨਹੀਂ ਕਰ ਰਹੀ। ਅਖੀਰ ਐੱਸ ਆਈ ਟੀ ਕੀ ਕਰ ਰਹੀ ਹੈ? ਪਹਿਲਾਂ ਵੀ ਐੱਸ ਆਈ ਟੀ ਬਣੀ, ਕੁਝ ਨਹੀਂ ਹੋਇਆ, ਇਸ ਵਾਰ ਵੀ ਐੱਸ ਆਈ ਟੀ ਬਣੀ ਹੈ, ਕੁਝ ਨਹੀਂ ਹੋਵੇਗਾ।
ਵੀਰਵਾਰ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨਾਲ ਪਾਰਟੀ ਹੈੱਡਕੁਆਰਟਰ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਚੋਰੀ ਹੋਈ ਹੈ, ਹੁਣ ਇਹ ਸਭ ਲੋਕ ਮੰਨ ਰਹੇ ਹਨ, ਪਰ ਕੀ ਅਸਲੀ ਦੋਸ਼ੀਆਂ, ਜੋ ਵੱਡੇ-ਵੱਡੇ ਪ੍ਰਭਾਵਸ਼ਾਲੀ ਅਤੇ ਤਾਕਤਵਰ ਲੋਕ ਹਨ, ਨੂੰ ਸਜ਼ਾ ਮਿਲ ਸਕੇਗੀ? ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਹੋਣਗੀਆਂ? ਕੀ ਉਨ੍ਹਾਂ ਖ਼ਿਲਾਫ਼ ਐਕਸ਼ਨ ਹੋਵੇਗਾ? ਹਰ ਜਗ੍ਹਾ ਖੂਬ ਰੌਲਾ ਪਾਇਆ ਗਿਆ ਹੈ ਕਿ ਮੋਦੀ ਜੀ ਹਨ, ਮੋਦੀ ਜੀ ਕਿਸੇ ਨੂੰ ਛੱਡਣਗੇ ਨਹੀਂ, ਮੋਦੀ ਜੀ ਕਿਸੇ ਨੂੰ ਬਖਸ਼ਣਗੇ ਨਹੀਂ। ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਨ੍ਹਾਂ ਨੂੰ ਵੀ ਭਰੋਸਾ ਹੈ ਕਿ ਮੋਦੀ ਜੀ ਅਸਲੀ ਚੋਰਾਂ ਨੂੰ ਸਜ਼ਾ ਦਿਵਾ ਸਕਣਗੇ? ਮੈਂ ਇਹ ਨਹੀਂ ਕਹਿ ਸਕਦਾ ਅਤੇ ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਵੀ ਨਹੀਂ ਕਿ ਪੈਸਾ ਮੋਦੀ ਜੀ ਤੱਕ ਪਹੁੰਚਿਆ. ਇਸ ‘ਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ, ਪਰ ਪੂਰਾ ਘਟਨਾਕ੍ਰਮ ਇਹ ਜ਼ਰੂਰ ਦਿਖਾਉਂਦਾ ਹੈ ਕਿ ਮੋਦੀ ਜੀ ਨੇ ਪੂਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ, ਉਸ ਨੂੰ ਢਕਣ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਖੁਦ ਪਰਸਨਲੀ ਇੱਕ ਟਰੱਸਟ ਬਣਾਇਆ। ਇਸ ਟਰੱਸਟ ਦੇ ਅੰਦਰ ਦਾ ਇੱਕ-ਇੱਕ ਵਿਅਕਤੀ ਪ੍ਰਧਾਨ ਮੰਤਰੀ ਜੀ ਨੇ ਖੁਦ ਚੁਣਿਆ ਹੈ। ਇਸ ਟਰੱਸਟ ਵਿੱਚ ਪ੍ਰਧਾਨ ਮੰਤਰੀ ਦੇ ਆਪਣੇ ਲੋਕ ਹਨ। ਚੰਪਤ ਰਾਏ ਪ੍ਰਧਾਨ ਮੰਤਰੀ ਜੀ ਦੇ ਬਹੁਤ ਖਾਸ ਮੰਨੇ ਜਾਂਦੇ ਹਨ। ਮੋਦੀ ਜੀ ਨੇ ਚੰਪਤ ਰਾਏ ਨੂੰ ਸ੍ਰੀ ਰਾਮ ਮੰਦਰ ਦਾ ਜਨਰਲ ਸੈਕਟਰੀ ਅਤੇ ਸਰਵੇਸਰਵਾ ਬਣਾਇਆ। ਚੰਪਤ ਰਾਏ ਉਨ੍ਹਾ ਦੇ ਆਪਣੇ ਆਦਮੀ ਮੰਨੇ ਜਾਂਦੇ ਹਨ। 2021 ਵਿੱਚ ਉੱਥੇ ਜ਼ਮੀਨਾਂ ਦੇ ਖੂਬ ਘੁਟਾਲੇ ਹੋਏ। ਇੱਕ ਪਾਠਕ ਪਰਵਾਰ ਨੇ 2 ਕਰੋੜ ਦੀ ਜ਼ਮੀਨ ਇਨ੍ਹਾਂ ਦੀ ਪਾਰਟੀ ਦੇ ਇੱਕ ਵਿਅਕਤੀ ਨੂੰ ਵੇਚੀ ਅਤੇ 10 ਮਿੰਟ ਦੇ ਅੰਦਰ ਉਸ ਵਿਅਕਤੀ ਨੇ ਉਹੀ ਜ਼ਮੀਨ 18 ਕਰੋੜ ਰੁਪਏ ਵਿੱਚ ਮੰਦਰ ਟਰੇਸਟ ਨੂੰ ਵੇਚ ਦਿੱਤੀ। 10 ਮਿੰਟ ਦੇ ਅੰਦਰ 2 ਕਰੋੜ ਦੀ ਜ਼ਮੀਨ 18 ਕਰੋੜ ਦੀ ਹੋ ਗਈ। ਕੀ ਪ੍ਰਧਾਨ ਮੰਤਰੀ ਨੂੰ ਇਸ ਦਾ ਪਤਾ ਨਹੀਂ ਲੱਗਿਆ? ਪੂਰੀ ਦੁਨੀਆ ਨੂੰ ਪਤਾ ਸੀ, ਮੀਡੀਆ ਵਿੱਚ ਵੀ ਆਇਆ ਸੀ। ਇਸੇ ਤਰ੍ਹਾਂ 3 ਕਰੋੜ ਦੀ ਜ਼ਮੀਨ 24 ਕਰੋੜ ਵਿੱਚ ਟਰੱਸਟ ਨੂੰ ਵੇਚ ਦਿੱਤੀ ਗਈ। 9 ਕਰੋੜ ਦੀ ਜ਼ਮੀਨ 55 ਕਰੋੜ ਵਿੱਚ ਵੇਚ ਦਿੱਤੀ ਗਈ। 14 ਕਰੋੜ ਦੀ ਜ਼ਮੀਨ 95 ਕਰੋੜ ਵਿੱਚ ਮੰਦਰ ਟਰੱਸਟ ਨੇ ਖਰੀਦੀ। ਕੀ ਪ੍ਰਧਾਨ ਮੰਤਰੀ ਨੂੰ ਇਸ ਦਾ ਪਤਾ ਨਹੀਂ ਲੱਗਿਆ? ਇਹ ਸਭ ਪਬਲਿਕ ਡੋਮੇਨ ਵਿੱਚ ਹੈ, ਫਿਰ ਵੀ ਕੀ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਲੱਗਿਆ?
ਕੇਜਰੀਵਾਲ ਨੇ ਕਿਹਾ, ‘ਮੰਦਰ ਨਿਰਮਾਣ ਵਿੱਚ ਇੰਜੀਨੀਅਰਾਂ ਦਾ ਦੋਸ਼ ਹੈ ਕਿ ਉਨ੍ਹਾਂ ਕੋਲੋਂ ਟੈਂਡਰਾਂ ‘ਤੇ 40-40 ਫੀਸਦੀ ਕਮਿਸ਼ਨ ਮੰਗਿਆ ਜਾਂਦਾ ਸੀ। ਕੀ ਪ੍ਰਧਾਨ ਮੰਤਰੀ ਨੂੰ ਇਸ ਦਾ ਪਤਾ ਨਹੀਂ ਲੱਗਿਆ? 40 ਦਿਨਾਂ ਵਿੱਚ 70 ਵਾਰ ਸੀ ਸੀ ਟੀ ਵੀ ਕੈਮਰਿਆਂ ਦੇ ਅੰਦਰ ਚੋਰੀ ਫੜੀ ਗਈ, ਕੀ ਉਨ੍ਹਾ ਨੂੰ ਪਤਾ ਨਹੀਂ ਲੱਗਿਆ? 8 ਮਹੀਨਿਆਂ ਦੀ ਸੀ ਸੀ ਟੀ ਵੀ ਫੁਟੇਜ਼ ਡਿਲੀਟ ਕਰ ਦਿੱਤੀ ਗਈ, ਕੀ ਪ੍ਰਧਾਨ ਮੰਤਰੀ ਜੀ ਨੂੰ ਪਤਾ ਨਹੀਂ ਲੱਗਿਆ? ਏਨੀ ਚੋਰੀ ਏਨੇ ਲੰਮੇ ਸਮੇਂ ਤੱਕ ਚੱਲੀ ਅਤੇ ਕੀ ਉਨ੍ਹਾਂ ਨੂੰ ਇਸ ਦਾ ਪਤਾ ਨਹੀਂ ਲੱਗਿਆ? ਉਸ ਟਰੱਸਟ ਦੇ ਅੰਦਰ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਦਾ ਇੱਕ ਅਧਿਕਾਰੀ ਵੀ ਮੌਜੂਦ ਸੀ, ਉਸ ਦੇ ਬਾਵਜੂਦ ਕੀ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ? ਪ੍ਰਧਾਨ ਮੰਤਰੀ ਜੀ ਨੂੰ ਇਸ ਦੇਸ਼ ਦੇ ਹਰ ਬੂਥ ਬਾਰੇ ਪਤਾ ਹੈ ਕਿ ਕਿਹੜਾ ਵੋਟਰ ਕਿਸ ਪਾਰਟੀ ਦਾ ਹੈ, ਕਿਸ ਦਾ ਨਾਂਅ ਵੋਟਰ ਸੂਚੀ ਵਿੱਚੋਂ ਕਟਵਾਉਣਾ ਹੈ ਅਤੇ ਕਿਸ ਦਾ ਨਾਂਅ ਜੁੜਵਾਉਣਾ ਹੈ, ਇੱਥੋਂ ਤੱਕ ਉਨ੍ਹਾ ਨੂੰ ਪਤਾ ਹੈ। ਜੇਕਰ ਉਹ ਕਹਿਣ ਕਿ ਉਨ੍ਹਾਂ ਨੂੰ ਇਸ ਚੋਰੀ ਦਾ ਪਤਾ ਨਹੀਂ ਲੱਗਿਆ, ਤਾਂ ਇਹ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਪ੍ਰਧਾਨ ਮੰਤਰੀ ਨੂੰ ਇਸ ਚੋਰੀ ਦਾ ਪਤਾ ਸੀ।
ਕੇਜਰੀਵਾਲ ਨੇ ਕਿਹਾ, ‘ਸੂਤਰਾਂ ਤੋਂ ਮੈਨੂੰ ਪਤਾ ਲੱਗਿਆ ਹੈ ਕਿ ਆਈ ਬੀ ਨੇ ਘੱਟੋ-ਘੱਟ 12 ਰਿਪੋਰਟਾਂ ਪ੍ਰਧਾਨ ਮੰਤਰੀ ਨੂੰ ਸੌਂਪੀਆਂ ਹਨ, ਜਿਸ ਵਿੱਚ ਉਨ੍ਹਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੰਸਟ੍ਰਕਸ਼ਨ ਵਿੱਚ, ਜ਼ਮੀਨਾਂ ਵਿੱਚ ਅਤੇ ਚੜ੍ਹਾਵੇ ਦੇ ਅੰਦਰ ਬਹੁਤ ਵੱਡੇ ਪੱਧਰ ‘ਤੇ ਰਾਮ ਮੰਦਰ ਵਿੱਚ ਚੋਰੀ ਹੋ ਰਹੀ ਹੈ। ਉਨ੍ਹਾਂ ਨੂੰ ਸਭ ਕੁਝ ਪਤਾ ਸੀ, ਪਰ ਉਹ ਧ੍ਰਿਤਰਾਸ਼ਟਰ ਦੀ ਤਰ੍ਹਾਂ ਚੁੱਪ ਰਹੇ, ਅੱਖਾਂ ‘ਤੇ ਪੱਟੀ ਬੰਨ੍ਹੀ ਰੱਖੀ ਅਤੇ ਜਦੋਂ ਪਾਣੀ ਸਿਰ ਤੋਂ ਉਪਰ ਚਲਾ ਗਿਆ, ਜਦੋਂ ਮਜਬੂਰੀ ਹੋ ਗਈ ਅਤੇ ਬਹੁਤ ਜ਼ਿਆਦਾ ਮੁੱਦਾ ਉਠਣ ਲੱਗ ਗਿਆ ਤਾਂ ਉਨ੍ਹਾ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਇੱਕ ਐੱਸ ਆਈ ਟੀ ਬਣਾ ਦਿੱਤੀ।’
ਬਿਨਾਂ ਐੱਫ ਆਈ ਆਰ ਦੇ ਐੱਸ ਆਈ ਟੀ ਬਣ ਕਿਵੇਂ ਸਕਦੀ ਹੈ? ਉਦੋਂ ਤੱਕ ਐੱਫ ਆਈ ਆਰ ਹੀ ਨਹੀਂ ਹੋਈ ਸੀ। ਬਿਨਾਂ ਐੱਫ ਆਈ ਆਰ ਦੇ ਐੱਸ ਆਈ ਟੀ ਬਣ ਹੀ ਨਹੀਂ ਸਕਦੀ। ਉਨ੍ਹਾ ਨੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਇੱਕ ਐੱਸ ਆਈ ਟੀ ਬਣਾ ਦਿੱਤੀ। ਉਸੇ ਦਿਨ ਦੇਸ਼ ਦੇ ਲੋਕਾਂ ਨੂੰ ਪਤਾ ਚੱਲ ਗਿਆ ਸੀ ਕਿ ਪ੍ਰਧਾਨ ਮੰਤਰੀ ਜੀ ਲਿਪਾਪੋਚੀ ਕਰ ਰਹੇ ਹਨ ਅਤੇ ਅਸਲੀ ਗੁਨਾਹਗਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾ ਇੱਕ ਫਰਜ਼ੀ ਐੱਫ ਆਈ ਆਰ ਦਰਜ ਕੀਤੀ। ਫਰਜ਼ੀ ਐੱਫ ਆਈ ਆਰ ਵਿੱਚ ਅੱਠ ਛੋਟੇ-ਛੋਟੇ ਲੋਕਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਉਸ ਵਿੱਚ ਵੀ ਉਨ੍ਹਾਂ ਅੱਠ ਛੋਟੇ-ਛੋਟੇ ਲੋਕਾਂ ਦੀ ਪੁਲਸ ਕਸਟਡੀ ਨਹੀਂ ਦਿਵਾਈ ਗਈ। ਪੁਲਸ ਨੇ ਕਸਟਡੀ ਮੰਗੀ ਹੀ ਨਹੀਂ ਅਤੇ ਉਨ੍ਹਾਂ ਨੂੰ ਸਿੱਧੇ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ। ਕਿਸੇ ਵੀ ਚੋਰੀ ਦੇ ਮਾਮਲੇ ਵਿੱਚ ਪੁਲਸ ਕਹਿੰਦੀ ਹੈ ਕਿ ਉਸ ਨੇ ਪੁੱਛਗਿੱਛ ਕਰਨੀ ਹੈ, ਚੋਰ ਤੋਂ ਪੁੱਛਣਾ ਹੈ ਕਿ ਮਾਲ ਕਿੱਥੇ ਹੈ, ਕਿਸ ਦੇ ਕਹਿਣ ‘ਤੇ ਚੋਰੀ ਕੀਤੀ, ਕੋਈ ਮਾਸਟਰਮਾਈਂਡ ਤਾਂ ਨਹੀਂ ਹੈ, ਕੁੱਲ ਕਿੰਨੀ ਚੋਰੀ ਕੀਤੀ, ਪਰ ਇੱਥੇ ਪੁਲਸ ਨੇ ਉਨ੍ਹਾਂ ਅੱਠ ਲੋਕਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ, ਉਨ੍ਹਾਂ ਦੀ ਪੁਲਸ ਕਸਟਡੀ ਨਹੀਂ ਲਈ ਗਈ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਚਿੰਤਾ ਨਾ ਕਰੋ, ਦੋ-ਚਾਰ ਦਿਨਾਂ ਵਿੱਚ ਬੇਲ (ਜ਼ਮਾਨਤ) ਕਰਵਾ ਦਿਆਂਗੇ। ਇਹ ਚੱਲ ਕੀ ਰਿਹਾ ਹੈ ਪ੍ਰਧਾਨ ਮੰਤਰੀ ਜੀ?
ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੇ ਸਾਂਸਦ ਸੰਜੇ ਸਿੰਘ ਜਦੋਂ ਜ਼ਮੀਨਾਂ ਦੇ ਘੁਟਾਲੇ ਦੇ ਕਾਗਜ਼ ਲੈ ਕੇ ਐੱਸ ਆਈ ਟੀ ਕੋਲ ਗਏ, ਤਾਂ ਐੱਸ ਆਈ ਟੀ ਨੇ ਜੋ ਕਿਹਾ, ਉਹ ਹੈਰਾਨ ਕਰਨ ਵਾਲਾ ਸੀ। ਐੱਸ ਆਈ ਟੀ ਨੇ ਕਿਹਾ ਕਿ ਉਹ ਜ਼ਮੀਨਾਂ ਦੇ ਘੁਟਾਲੇ ਦੀ ਤਾਂ ਜਾਂਚ ਹੀ ਨਹੀਂ ਕਰ ਰਹੇ, ਉਹ ਤਾਂ ਕੇਵਲ ਚੜ੍ਹਾਵੇ ਦੀ ਜਾਂਚ ਕਰ ਰਹੇ ਹਨ। ਤਾਂ ਇਹ ਐੱਸ ਆਈ ਟੀ ਕਰ ਕੀ ਰਹੀ ਹੈ? ਇਹ ਕੰਸਟ੍ਰਕਸ਼ਨ ਅਤੇ ਜ਼ਮੀਨਾਂ ਦੇ ਘੁਟਾਲੇ ਦੀ ਜਾਂਚ ਨਹੀਂ ਕਰ ਰਹੀ ਤਾਂ ਫਿਰ ਉਹ ਜਾਂਚ ਕੌਣ ਕਰੇਗਾ? 2021 ਵਿੱਚ ਯੂ ਪੀ ਸਰਕਾਰ ਨੇ ਜ਼ਮੀਨਾਂ ਦੇ ਘੁਟਾਲੇ ‘ਤੇ ਇੱਕ ਐੱਸ ਆਈ ਟੀ ਬਣਾਈ ਸੀ, ਜੋ ਰਫ਼ਾ-ਦਫ਼ਾ ਹੋ ਗਈ। ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਕਿ ਉਸ ਦੀ ਰਿਪੋਰਟ ਕਦੋਂ ਆਈ ਅਤੇ ਕਦੋਂ ਗਈ, ਉਸ ਐੱਸ ਆਈ ਟੀ ਦਾ ਕੀ ਹੋਇਆ। ਅਜਿਹੇ ਹੀ ਇਨ੍ਹਾਂ ਲੋਕਾਂ ਨੇ ਦੁਬਾਰਾ ਐੱਸ ਆਈ ਟੀ ਬਣਾ ਦਿੱਤੀ ਹੈ। 2021 ਵਿੱਚ ਕੋਈ ਜੇਲ੍ਹ ਨਹੀਂ ਗਿਆ, ਕੋਈ ਐੱਫ ਆਈ ਆਰ ਨਹੀਂ ਹੋਈ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਐੱਸ ਆਈ ਟੀ ਦਾ ਵੀ ਇਹੀ ਹਾਲ ਹੋਵੇਗਾ, ਸਭ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਅੱਜ ਵੀ ਮੰਦਰ ਉਹੀ ਚਲਾ ਰਹੇ ਹਨ। ਕਾਗਜ਼ਾਂ ਵਿੱਚ ਅਸਤੀਫ਼ਾ ਦੇ ਦਿੱਤਾ ਗਿਆ ਹੈ, ਪਰ ਮੰਦਰ ਅੱਜ ਵੀ ਉਨ੍ਹਾਂ ਹੀ ਲੋਕਾਂ ਦੇ ਹੱਥ ਵਿੱਚ ਹੈ ਅਤੇ ਉਹੀ ਲੋਕ ਇਸ ਨੂੰ ਚਲਾ ਰਹੇ ਹਨ। ਇਨ੍ਹਾਂ ਦੇ ਇੱਕ ਵੱਡੇ ਨੇਤਾ ਬ੍ਰਿਜਭੂਸ਼ਣ ਹਨ, ਜਿਨ੍ਹਾਂ ਦਾ ਬਿਆਨ ਮੈਂ ਸੋਸ਼ਲ ਮੀਡੀਆ ‘ਤੇ ਦੇਖ ਰਿਹਾ ਸੀ। ਬ੍ਰਿਜਭੂਸ਼ਣ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਮੂੰਹ ਖੋਲ੍ਹਿਆ ਤਾਂ ਬਹੁਤ ਵੱਡੇ-ਵੱਡੇ ਨਾਂਅ ਆਉਣਗੇ ਅਤੇ ਉਨ੍ਹਾਂ ਨੂੰ ਖਤਰਾ ਹੈ। ਅਜਿਹੇ ਕਿਹੜੇ ਨਾਂਅ ਹਨ, ਜਿਨ੍ਹਾਂ ਤੋਂ ਬ੍ਰਿਜਭੂਸ਼ਣ ਨੂੰ ਵੀ ਬੋਲਣ ਵਿੱਚ ਡਰ ਲੱਗ ਰਿਹਾ ਹੈ?
ਬਾਬਾ ਬਾਗੇਸ਼ਵਰ ਧਾਮ ਨੇ ਕਿਹਾ ਕਿ ਇਸ ਵਿੱਚ ਬਹੁਤ ਵੱਡੇ-ਵੱਡੇ ਲੋਕ ਸ਼ਾਮਲ ਹਨ ਅਤੇ ਜੇ ਉਨ੍ਹਾ ਨੇ ਮੂੰਹ ਖੋਲ੍ਹਿਆ ਤਾਂ ਉਨ੍ਹਾਂ ‘ਤੇ ਵੀ ਆਂਚ ਆ ਸਕਦੀ ਹੈ। ਜਦੋਂ ਦੇਸ਼ ਦੇ ਏਨੇ ਤਾਕਤਵਰ ਅਤੇ ਵੱਡੇ ਲੋਕ ਨਾਂਅ ਲੈਣ ਤੋਂ ਡਰ ਰਹੇ ਹਨ, ਤਾਂ ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਤਾਂ ਸਿਰਫ਼ ਅੱਖਾਂ ਵਿੱਚ ਧੂੜ ਪਾਉਣ ਲਈ ਹਨ। ਅਸਲੀ ਲੋਕ ਕੋਈ ਹੋਰ ਹਨ ਅਤੇ ਜਿਨ੍ਹਾਂ ਨੂੰ ਫੜਿਆ ਗਿਆ ਹੈ, ਉਹ ਸਿਰਫ ਮੋਹਰੇ ਹਨ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਦੇਸ਼ ਦੀ ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਉਹ ਕਿਸ ਨੂੰ ਬਚਾ ਰਹੇ ਹਨ, ਕਿਉਂ ਬਚਾ ਰਹੇ ਹਨ ਅਤੇ ਉਨ੍ਹਾ ਦੀ ਕੀ ਮਜਬੂਰੀ ਹੈ? ਦੇਸ਼ ਦੇ ਕਰੋੜਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ।ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ, ਕੀ ਤੁਹਾਨੂੰ ਇਨ੍ਹਾਂ ਘੁਟਾਲਿਆਂ ਦੀ ਜਾਣਕਾਰੀ ਨਹੀਂ ਸੀ?
ਭਾਜਪਾ ਦੇ ਇੱਕ ਵਿਅਕਤੀ ਨੇ 2 ਕਰੋੜ ਵਿੱਚ ਜ਼ਮੀਨ ਖਰੀਦੀ ਅਤੇ 10 ਮਿੰਟ ਵਿੱਚ 18 ਕਰੋੜ ਵਿੱਚ ਟਰੱਸਟ ਨੂੰ ਵੇਚ ਦਿੱਤੀ, 3 ਕਰੋੜ ਦੀ ਜ਼ਮੀਨ 24 ਕਰੋੜ ਵਿੱਚ ਟਰੱਸਟ ਨੇ ਖਰੀਦੀ, 9 ਕਰੋੜ ਦੀ ਜ਼ਮੀਨ 55 ਕਰੋੜ ਵਿੱਚ ਟਰੱਸਟ ਨੇ ਖਰੀਦੀ, 14 ਕਰੋੜ ਦੀ ਜ਼ਮੀਨ 95 ਕਰੋੜ ਵਿੱਚ ਟਰੱਸਟ ਨੇ ਖਰੀਦੀ, ਮੰਦਰ ਨਿਰਮਾਣ ਵਿੱਚ ਟੈਂਡਰਾਂ ‘ਤੇ 40 ਫੀਸਦੀ ਕਮਿਸ਼ਨ ਮੰਗਿਆ ਗਿਆ, 40 ਦਿਨਾਂ ਵਿੱਚ ਸੀ ਸੀ ਟੀ ਵੀ ਕੈਮਰੇ ਵਿੱਚ 70 ਵਾਰ ਚੋਰੀ ਫੜੀ ਗਈ, ਅੱਠ ਮਹੀਨਿਆਂ ਦੀ ਸੀ ਸੀ ਟੀ ਵੀ ਫੁਟੇਜ਼ ਡਿਲੀਟ ਕਰ ਦਿੱਤੀ ਗਈ। ਏਨੇ ਲੰਮੇ ਸਮੇਂ ਤੱਕ ਚੜ੍ਹਾਵੇ ਦੀ ਚੋਰੀ ਚੱਲੀ ਅਤੇ ਟਰੱਸਟ ਵਿੱਚ ਗ੍ਰਹਿ ਮੰਤਰਾਲੇ ਦਾ ਇੱਕ ਅਧਿਕਾਰੀ ਵੀ ਸੀ, ਫਿਰ ਵੀ ਤੁਹਾਨੂੰ ਕਿਵੇਂ ਪਤਾ ਨਹੀਂ ਲੱਗਿਆ?