ਪਤੀ ਦੀ ਲਾਸ਼ ਦਫਨਾ ਕੇ ਉੱਤੇ ਲਵਾਈਆਂ ਟਾਈਲਾਂ

0
11

ਆਗਰਾ : ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਸਿਕੰਦਰਾ ਥਾਣਾ ਖੇਤਰ ਵਿੱਚ ਇੱਕ ਰੂਹ-ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਰਹਿਮ ਪਤਨੀ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ਦੇ ਬਾਥਰੂਮ ਵਿੱਚ ਹੀ ਦਫ਼ਨਾ ਦਿੱਤਾ। ਏਨਾ ਹੀ ਨਹੀਂ, ਇਸ ਰਾਜ਼ ‘ਤੇ ਪਰਦਾ ਪਾਉਣ ਲਈ ਉਸ ਨੇ ਲਾਸ਼ ਦੇ ਉੱਪਰ ਪੱਕਾ ਫਰਸ਼ ਬਣਵਾ ਕੇ ਨਵੀਆਂ ਟਾਈਲਾਂ ਵੀ ਲਗਵਾ ਦਿੱਤੀਆਂ। ਮੁਲਜ਼ਮ ਮਹਿਲਾ ਕਰੀਬ 45 ਦਿਨਾਂ ਤੱਕ ਪਤੀ ਦੇ ਲਾਪਤਾ ਹੋਣ ਦਾ ਡਰਾਮਾ ਰਚਦੀ ਰਹੀ ਅਤੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ। ਪੁਲਸ ਨੇ ਸਖ਼ਤੀ ਨਾਲ ਕੀਤੀ ਪੁੱਛਗਿੱਛ ਤੋਂ ਬਾਅਦ ਮਹਿਲਾ ਦੀ ਨਿਸ਼ਾਨਦੇਹੀ ‘ਤੇ ਬਾਥਰੂਮ ਦੀ ਖੁਦਾਈ ਕਰਕੇ ਲਾਸ਼ ਬਰਾਮਦ ਕਰ ਲਈ ਹੈ।
ਭਰਤਪੁਰ ਦਾ ਰਹਿਣ ਵਾਲਾ 44 ਸਾਲਾ ਸੁਰਿੰਦਰ ਕੁਮਾਰ ਸ਼ਰਮਾ ਆਗਰਾ ਦੀ ਰੇਣੁਕਾ ਧਾਮ ਕਾਲੋਨੀ ਵਿੱਚ ਆਪਣੀ ਪਤਨੀ ਰੂਬੀ, ਮਾਂ ਕਮਲਾ ਅਤੇ ਦੋ ਧੀਆਂ ਨਾਲ ਰਹਿੰਦਾ ਸੀ। ਬੀਤੀ 18 ਮਈ ਨੂੰ ਰੂਬੀ ਨੇ ਪਰਵਾਰਕ ਮੈਂਬਰਾਂ ਨੂੰ ਸੁਰਿੰਦਰ ਦੇ ਲਾਪਤਾ ਹੋਣ ਦੀ ਗੱਲ ਕਹੀ ਅਤੇ 26 ਮਈ ਨੂੰ ਸਿਕੰਦਰਾ ਥਾਣੇ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਦੋਂ ਤੋਂ ਉਹ ਲਗਾਤਾਰ ਸਾਰੇ ਰਿਸ਼ਤੇਦਾਰਾਂ ਨੂੰ ਇਹੀ ਕਹਿ ਕੇ ਗੁੰਮਰਾਹ ਕਰ ਰਹੀ ਸੀ ਕਿ ਉਸ ਦਾ ਪਤੀ ਘਰੋਂ ਕਿਧਰੇ ਚਲਿਆ ਗਿਆ ਹੈ। ਸ਼ੱਕ ਦੇ ਆਧਾਰ ‘ਤੇ ਜਦੋਂ ਪੁਲਸ ਮਾਮਲੇ ਦੀ ਪੜਤਾਲ ਲਈ ਰੂਬੀ ਦੇ ਘਰ ਪਹੁੰਚੀ ਤਾਂ ਉਹ ਪੁਲਸ ਨੂੰ ਦੇਖ ਕੇ ਬੁਰੀ ਤਰ੍ਹਾਂ ਘਬਰਾ ਗਈ। ਪੁਲਸ ਨੇ ਜਦੋਂ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ।