ਕਾਲਕਾ-ਸ਼ਿਮਲਾ ਰੇਲ ਆਵਾਜਾਈ ਠੱਪ

0
5

ਚੰਡੀਗੜ੍ਹ (ਨ ਜ਼ ਸ)
ਕਾਲਕਾ-ਸ਼ਿਮਲਾ ਜਾਣ ਵਾਲੇ ਰਾਹਗੀਰ ਥੋੜ੍ਹਾ ਧਿਆਨ ਨਾਲ ਯਾਤਰਾ ਦੀ ਯੋਜਨਾ ਬਣਾਉਣ, ਕਿਉਂਕਿ ਬਰਸਾਤਾਂ ਦੇ ਮੌਸਮ ਦੌਰਾਨ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਹਾਲ ਹੀ ਵਿੱਚ 4 ਜੁਲਾਈ ਦੀ ਦੁਪਹਿਰ ਨੂੰ ਕਾਲਕਾ-ਸ਼ਿਮਲਾ ਮਾਰਗ ਦੇ ਕਾਠਲੀਘਾਟ-ਕਾਨੋ ਸੈਕਸ਼ਨ ‘ਤੇ ਚਟਾਨਾਂ ਖਿਸਕਣ ਦੀ ਘਟਨਾ ਕਾਰਨ ਰੇਲ ਆਵਾਜਾਈ ਅਸਥਾਈ ਤੌਰ ‘ਤੇ ਪ੍ਰਭਾਵਿਤ ਹੋਈ। 107 ਯਾਤਰੀਆਂ ਨੂੰ ਲੈ ਕੇ ਜਾ ਰਹੀ ਸ਼ਿਮਲਾ-ਕਾਲਕਾ ਸ਼ਿਵਾਲਿਕ ਡੀਲਕਸ ਐਕਸਪ੍ਰੈੱਸ (ਟਰੇਨ ਨੰਬਰ 52452) ਨੂੰ ਪ੍ਰਭਾਵਿਤ ਹਿੱਸੇ ਤੋਂ ਵਾਪਸ ਕਾਠਲੀਘਾਟ ਸਟੇਸ਼ਨ ‘ਤੇ ਲਿਆਉਣਾ ਪਿਆ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਅਗਲੀ ਯਾਤਰਾ ਲਈ ਕਾਠਲੀਘਾਟ ਸਟੇਸ਼ਨ ‘ਤੇ ਤਿੰਨ ਬੱਸਾਂ ਦਾ ਪ੍ਰਬੰਧ ਕੀਤਾ ਅਤੇ ਇਹ ਬੱਸਾਂ 97 ਯਾਤਰੀਆਂ ਨੂੰ ਲੈ ਕੇ ਰਾਤ 10:24 ਵਜੇ ਕਾਠਲੀਘਾਟ ਤੋਂ ਕਾਲਕਾ ਲਈ ਰਵਾਨਾ ਹੋਈਆਂ।
ਚੰਬਾ-ਭਰਮੌਰ ਕੌਮੀ ਰਾਜਮਾਰਗ ‘ਤੇ ਘੇਰਾ ਨੇੜੇ ਇੱਕ ਪਹਾੜੀ ਤੋਂ ਨਿੱਜੀ ਬੱਸ ‘ਤੇ ਚੱਟਾਨਾਂ ਡਿੱਗਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਸਾਹਿਲ ਠਾਕੁਰ ਵਜੋਂ ਹੋਈ ਹੈ, ਜੋ ਚੰਬਾ ਜ਼ਿਲ੍ਹੇ ਦੇ ਗਾਰੇਡ ਪਿੰਡ ਦਾ ਰਹਿਣ ਵਾਲਾ ਸੀ। ਜ਼ਖਮੀਆਂ ਵਿੱਚ ਗੁੱਡੂ ਦੇਵੀ, ਬਿੰਤਾ, ਗਿਲਮਾ ਦੇਵੀ ਅਤੇ ਬੱਸ ਡਰਾਈਵਰ ਕੁਲਵਿੰਦਰ ਸਿੰਘ ਸ਼ਾਮਲ ਹਨ, ਜੋ ਕਿ ਸਾਰੇ ਚੰਬਾ ਜ਼ਿਲ੍ਹੇ ਦੇ ਗਾਰੇਡ ਪਿੰਡ ਦੇ ਰਹਿਣ ਵਾਲੇ ਹਨ, ਨੂੰ ਪੰਡਿਤ ਜਵਾਹਰ ਲਾਲ ਨਹਿਰੂ ਸਰਕਾਰੀ ਮੈਡੀਕਲ ਕਾਲਜ, ਚੰਬਾ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਸ਼ਰਧਾਲੂ ਸ਼ਨਿੱਚਰਵਾਰ ਨੂੰ ਭਰਮੌਰ ਦੇ ਇਤਿਹਾਸਕ ਚੌਰਾਸੀ ਮੰਦਰ ਕੰਪਲੈਕਸ ਗਏ ਸਨ ਅਤੇ ਐਤਵਾਰ ਸਵੇਰੇ ਘਰ ਪਰਤ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਇਹ ਘਟਨਾ ਬੱਤੀ ਕੀ ਹੱਟੀ ਵਿਖੇ ਵਾਪਰੀ। ਉਸ ਸਮੇਂ ਮੀਂਹ ਪੈ ਰਿਹਾ ਸੀ ਜਦੋਂ ਅਚਾਨਕ ਪਹਾੜੀ ਤੋਂ ਚੱਟਾਨਾਂ ਹੇਠਾਂ ਵੱਲ ਖਿਸਕੀਆਂ ਅਤੇ ਚੱਲਦੀ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾਅ ਗਈਆਂ।