ਨਹੀਂ ਟਲਦੀ ਕੰਗਨਾ

0
8

ਮੁੰਬਈ : ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਇੱਕ ਬਿਆਨ ਨੇ ਦੇਸ਼ ਭਰ ਵਿੱਚ ਵੱਡਾ ਸਿਆਸੀ ਬਵਾਲ ਖੜ੍ਹਾ ਕਰ ਦਿੱਤਾ ਹੈ। ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀ ਜਨਰੇਸ਼ਨ ਜੀ ਦੇ ਨੌਜਵਾਨਾਂ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ‘ਜਨਰੇਸ਼ਨ ਗਟਰ’ ਅਤੇ ‘ਕੌਕਰੋਚ’ ਕਹਿ ਦਿੱਤਾ। ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਏ.ਆਈ.ਐੱਮ.ਆਈ.ਐੱਮ. ਦੇ ਆਗੂਆਂ ਨੇ ਭਾਜਪਾ ਆਗੂ ਕੰਗਨਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀਆਂ ਵਾਇਰਲ ਵੀਡੀਓਜ਼ ਅਤੇ ਰੀਲ੍ਹਾਂ ‘ਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ‘ਉਲਟੀ ਆਉਣ ਵਰਗਾ’ ਮਹਿਸੂਸ ਹੋ ਰਿਹਾ ਹੈ। ਕੰਗਨਾ ਨੇ ਲਿਖਿਆ, ‘ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੱਕ ਜਗ੍ਹਾ ‘ਤੇ ਇੰਨੀ ਬਦਸੂਰਤੀ ਨਹੀਂ ਦੇਖੀ। ਜਿਸ ਤਰ੍ਹਾਂ ਦੀ ਭਾਸ਼ਾ ਇਹ ਜੈੱਨ ਜੀ ਪ੍ਰਦਰਸ਼ਨਕਾਰੀ ਵਰਤ ਰਹੇ ਹਨ, ਉਹ ਬਹੁਤ ਹੀ ਗੰਦੀ ਅਤੇ ਬਦਨੁਮਾ ਹੈ। ਇਨ੍ਹਾਂ ਨੂੰ ਜਨਮ ਦੇਣ ਵਾਲੇ ਅਤੇ ਪਾਲਣ ਵਾਲੇ ਕੌਣ ਹਨ?” ਆਪਣੀ ਅਗਲੀ ਪੋਸਟ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਸ਼ਬਦੀ ਹਮਲਾ ਜਾਰੀ ਰੱਖਦਿਆਂ ਕੰਗਨਾ ਨੇ ਲਿਖਿਆ, “ਤੁਸੀਂ ਆਪਣੇ ਆਪ ਨੂੰ ਕੌਕਰੋਚ ਕਹਿੰਦੇ ਹੋ ਅਤੇ ਉਨ੍ਹਾਂ ਵਰਗਾ ਹੀ ਵਿਵਹਾਰ ਕਰਦੇ ਹੋ। ਤੁਸੀਂ ਦੁਨੀਆ ਸਾਹਮਣੇ ਆਪਣਾ ਕੂੜਾ ਅਤੇ ਗੰਦਗੀ ਹੀ ਪਰੋਸ ਰਹੇ ਹੋ।” ਉਸ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਇਹ ਨੌਜਵਾਨ ਪੜ੍ਹਾਈ ‘ਚ ਚੰਗੇ ਨਹੀਂ ਹਨ, ਮਾਪਿਆਂ ਦੀ ਕਮਾਈ ‘ਤੇ ਐਸ਼ ਕਰਦੇ ਹਨ ਅਤੇ ਇੰਨੇ ਨਕਾਰਾ ਹਨ ਕਿ ਘਰੇਲੂ ਕੰਮ ਵੀ ਨਹੀਂ ਕਰ ਸਕਦੇ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਮ ਲੋਕਾਂ ਅਤੇ ਨੇਟੀਜ਼ਨਾਂ ਦਾ ਗੁੱਸਾ ਵੀ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ। ਕਈ ਯੂਜ਼ਰਜ਼ ਨੇ ਕੰਗਨਾ ਨੂੰ ਉਸ ਦੇ ਬਾਲੀਵੁੱਡ ਦੇ ਪੁਰਾਣੇ ਦਿਨ ਯਾਦ ਦਿਵਾਉਂਦਿਆਂ ਲਿਖਿਆ, “ਕੀ ਇਹ ਮਹਿਲਾ ਆਪਣੀਆਂ ਬੌਲੀਵੁੱਡ ਪਾਰਟੀਆਂ ਦੇ ਦਿਨਾਂ ਦੀ ਬਦਸੂਰਤੀ ਭੁੱਲ ਗਈ ਹੈ?” ਇੱਕ ਹੋਰ ਯੂਜ਼ਰ ਨੇ ਲਿਖਿਆ, “ਜਦੋਂ ਨੀਟ ਪੇਪਰ ਲੀਕ ਹੋਇਆ ਜਾਂ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਸਨ, ਉਦੋਂ ਤਾਂ ਇਹ ਇੱਕ ਵਾਰ ਵੀ ਨਹੀਂ ਬੋਲੀ, ਪਰ ਅੱਜ ਵਿਦਿਆਰਥੀ ਅੰਦੋਲਨ ‘ਤੇ ਬੋਲਣ ਦਾ ਹੌਸਲਾ ਵਿਖਾ ਰਹੀ ਹੈ। ਕਾਂਗਰਸ ਨੇਤਾ ਭਾਈ ਜਗਤਾਪ ਨੇ ਕੰਗਨਾ ‘ਤੇ ਨਿਸ਼ਾਨਾ ਸੇਧਦਿਆਂ ਕਿਹਾ, “ਜਿਸ ਤਰ੍ਹਾਂ ਪ੍ਰਦਰਸ਼ਨ ਦੌਰਾਨ ਸਾਡੇ ਬੱਚਿਆਂ ਅਤੇ ਧੀਆਂ ਨੂੰ ਕੁੱਟਿਆ ਅਤੇ ਪਰੇਸ਼ਾਨ ਕੀਤਾ ਗਿਆ, ਇੱਕ ਔਰਤ ਹੁੰਦਿਆਂ ਵੀ ਕੰਗਨਾ ਦੇ ਦਿਲ ਵਿੱਚ ਥੋੜ੍ਹੀ ਜਿਹੀ ਵੀ ਹਮਦਰਦੀ ਨਹੀਂ ਜਾਗੀ। ਇਹ ਬਹੁਤ ਹੈਰਾਨੀਜਨਕ ਹੈ।”ਦੂਜੇ ਪਾਸੇ ਏ ਆਈ ਐੱਮ ਆਈ ਐੱਮ ਨੇਤਾ ਵਾਰਿਸ ਪਠਾਨ ਨੇ ਭਾਜਪਾ ਤੋਂ ਤੁਰੰਤ ਮੁਆਫ਼ੀ ਦੀ ਮੰਗ ਕੀਤੀ ਹੈ। ਪਠਾਨ ਨੇ ਕਿਹਾ, “ਪੁੱਛੋ ਕੰਗਨਾ ਨੂੰ ਕਿ ਕੀ ਉਸ ਨੂੰ ਨੀਟ ਦਾ ਪੂਰਾ ਨਾਂਅ ਵੀ ਪਤਾ ਹੈ?”