ਮੋਦੀ ਕੈਮਰੇ ਦਾ ਨਹੀਂ, ਦਿਲ ਦਾ ਐਂਗਲ ਬਦਲਣ : ਪ੍ਰਿਅੰਕਾ

0
8

ਨਵੀਂ ਦਿੱਲੀ (ਨ ਜ਼ ਸ)
ਸੀਨੀਅਰ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕੀਤਾ ਕਿ ਵਿਦਿਆਰਥੀਆਂ ਉੱਤੇ ਅੱਥਰੂ ਗੈਸ, ਲਾਠੀਚਾਰਜ, ਪੈਲੇਟ ਗੰਨ ਆਦਿ ਵਰਗੇ ਹਥਿਆਰ ਵਰਤਣ ਦੀ ਕੀ ਲੋੜ ਸੀ। ਉਨ੍ਹਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗਿਆ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੈਲੇਟ ਗੰਨ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਉਨ੍ਹਾ ਕਿਹਾ ਕਿ ਵਿਦਿਆਰਥੀਆਂ ਨੇ ਆਪਣੇ ਦੁੱਖ ਨੂੰ ਪ੍ਰਦਰਸ਼ਨਾਂ ਜ਼ਰੀਏ ਜ਼ਾਹਰ ਕੀਤਾ ਸੀ ਅਤੇ ਉਹ ਸਿੱਖਿਆ ਮੰਤਰੀ ਦਾ ਅਸਤੀਫਾ ਅਤੇ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਚਾਹੁੰਦੇ ਸਨ, ਜਿਨ੍ਹਾਂ ਕਾਰਨ ਉਨ੍ਹਾਂ ਦਾ ਭਵਿੱਖ ਖਤਰੇ ਵਿਚ ਹੈ।
ਪ੍ਰਿਅੰਕਾ ਨੇ ਪ੍ਰਧਾਨ ਮੰਤਰੀ ਉੱਤੇ ਤਨਜ਼ ਕੱਸਦਿਆਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਨੌਜਵਾਨ ਪੀੜ੍ਹੀ (ਜੈੱਨ ਜ਼ੀ) ਦਾ ਭਰੋਸਾ ਜਿੱਤਣਾ ਚਾਹੁੰਦੇ ਹੋ, ਤਾਂ ਵੱਖ-ਵੱਖ ਕੈਮਰੇ ਦੇ ਐਂਗਲਾਂ ਤੋਂ ਵੀਡੀਓ ਬਣਾਉਣ ਨਾਲ ਕੋਈ ਫ਼ਰਕ ਨਹੀਂ ਪਵੇਗਾ। ਮੋਦੀ ਜੀ ਨੂੰ ਕੈਮਰੇ ਦੀ ਥਾਂ ਆਪਣੇ ਦਿਲ ਦਾ ਐਂਗਲ ਬਦਲਣ ਦੀ ਲੋੜ ਹੈ। ਦੇਸ਼ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੰਦਿਆਂ ਉਨ੍ਹਾ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 152 ਪੇਪਰ ਲੀਕ ਹੋ ਚੁੱਕੇ ਹਨ, ਪਰ ਇੱਕ ਵੀ ਮਾਫ਼ੀਆ ਨੂੰ ਸਜ਼ਾ ਨਹੀਂ ਦਿੱਤੀ ਗਈ। ਉਨ੍ਹਾ ਫਾਸਟ ਟਰੈਕ ਕੋਰਟਾਂ ਦੇ ਰਿਕਾਰਡ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਨ੍ਹਾਂ ਦਾ ਰਿਕਾਰਡ ਬਹੁਤ ਮਾੜਾ ਹੈ ਅਤੇ ਇਸ ਮਾਮਲੇ ਵਿੱਚ ਤਾਂ ਪਹਿਲੀ ਸੁਣਵਾਈ ‘ਤੇ ਸੀ ਬੀ ਆਈ ਦਾ ਵਕੀਲ ਹੀ ਪੇਸ਼ ਨਹੀਂ ਹੋਇਆ। ਉਨ੍ਹਾ ਕਿਹਾ ਕਿ ਅੱਜ ਦੀ ਜਨਰੇਸ਼ਨ ਨੂੰ ਸਭ ਪਤਾ ਹੈ ਕਿ ਕੌਣ ਝੂਠ ਬੋਲ ਰਿਹਾ ਹੈ ਤੇ ਕੌਣ ਉਨ੍ਹਾਂ ਨੂੰ ਗੁੰਮਰਾਹ ਕਰ ਰਿਹਾ ਹੈ। ਚਰਚਾ ਦੌਰਾਨ ਕਈ ਵਾਰ ਹੁਕਮਰਾਨ ਤੇ ਆਪੋਜ਼ੀਸ਼ਨ ਮੈਂਬਰ ਆਹਮੋ-ਸਾਹਮਣੇ ਹੋ ਗਏ। ਦੋਂ ਟੀ ਐੱਮ ਸੀ ਦੇ ਅਭਿਸ਼ੇਕ ਬੈਨਰਜੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਹੁਕਮਰਾਨ ਮੈਂਬਰਾਂ ਨੇ ਸ਼ੋਰ-ਸ਼ਰਾਬਾ ਸ਼ੁਰੂ ਕਰ ਦਿੱਤਾ।
ਇਸ ‘ਤੇ ਬੈਨਰਜੀ ਦੀ ਪਾਰਟੀ ਦੀ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਨੇ ਖੜ੍ਹੇ ਹੋ ਕੇ ਚੇਅਰ ਨੂੰ ਕਿਹਾ ਕਿ ਇਨ੍ਹਾਂ ਨੂੰ ਚੁੱਪ ਕਰਾਓ, ਇੱਕ ਸਰਸਾ ਹੋਣ ਦਿਓ, ਇੱਕ ਸਰਸਾ। (ਮੰਤਰੀ ਕਿਰੇਨ ਰਿਜੀਜੂ ਅਤੇ ਦਿਲੀਪ ਸੈਕੀਆ, ਜsੋ ਸਪੀਕਰ ਦੀ ਕੁਰਸੀ ‘ਤੇ ਬੈਠੇ ਸਨ, ਦੇ ਹਿੰਦੀ ਉਚਾਰਨ ਥੋੜ੍ਹੇ ਵੱਖਰੇ ਹਨ ਤੇ ਉਹ ਚਰਚਾ ਨੂੰ ਸਰਸਾ ਕਹਿੰਦੇ ਹਨ।) ਇਹ ਦਾਅਵਾ ਕੀਤਾ ਗਿਆ ਕਿ ਮਹੂਆ ਨੇ ਮਜ਼ਾਕ ਉਡਾਇਆ। ਫਿਰ ਕੁਰਸੀ ‘ਤੇ ਬੈਠੇ ਦਿਲੀਪ ਸੈਕੀਆ ਨੇ ਉਸ ਨੂੰ ਬੈਠਣ ਅਤੇ ਰੌਲਾ ਨਾ ਪਾਉਣ ਲਈ ਕਿਹਾ। ਪ੍ਰਿਅੰਕਾ ਗਾਂਧੀ ਨੇ ਨਵੇਂ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਬਾਰੇ ਕਿਹਾ ਕਿ ਜੋਸ਼ੀ ਨੇ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਦੀ ਰਿਹਾਈ ਦੀ ਹਮਾਇਤ ਕੀਤੀ ਸੀ। ਮੰਤਰੀ ਕਿਰੇਨ ਰਿਜੀਜੂ ਨੇ ਜਵਾਬੀ ਹਮਲਾ ਕਰਦਿਆਂ ਕਿਹਾ, ‘ਪ੍ਰਿਯੰਕਾ ਪ੍ਰਹਿਲਾਦ ਜੋਸ਼ੀ ਦੀ ਛਵੀ ਨੂੰ ਖਰਾਬ ਕਰ ਰਹੀ ਹੈ। ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ।’
ਨਿਸ਼ੀਕਾਂਤ ਦੂਬੇ ਨੇ ਵੀ ਟੋਕਦੇ ਹੋਏ ਕਿਹਾ ਕਿ ਜੇ ਪ੍ਰਿਅੰਕਾ ਗਾਂਧੀ ਆਪਣਾ ਬਿਆਨ ਵਾਪਸ ਨਹੀਂ ਲੈਂਦੀ, ਤਾਂ ਉਹ ਵੀ ਨਹਿਰੂ ਨੂੰ ਬਦਮਾਸ਼ ਕਹਿਣ ਵਾਲੇ ਆਪਣੇ ਬਿਆਨ ‘ਤੇ ਕਾਇਮ ਰਹਿਣਗੇ। ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਿਅੰਕਾ ਨੂੰ ਸਾਬਤ ਕਰਨਾ ਚਾਹੀਦਾ ਹੈ। ਉਹ ਬਿਨਾਂ ਨੋਟਿਸ ਕਿਵੇਂ ਬੋਲ ਸਕਦੀ ਹੈ? ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਪ੍ਰਿਅੰਕਾ ਨੇ ਕਿਹਾ, ‘ਮੈਂ ਸਬੂਤ ਦੇਵਾਂਗੀ।’