ਗੈਂਗਰੇਪ ਦੀ ਧਮਕੀ ਦੇਣ ਵਾਲੇ ਸੰਘੀ ਪੋਡਕਾਸਟ ਖਿਲਾਫ ਜਾਂਚ ਸ਼ੁਰੂ

0
6

ਤਿਰੁਅਨੰਤਪੁਰਮ (ਨ ਜ਼ ਸ)
ਕੇਰਲਾ ਪੁਲਸ ਨੇ ਜੰਤਰ-ਮੰਤਰ ਵਿੱਚ ਵਿਦਿਆਰਥੀਆਂ ਦੇ ਪ੍ਰੋਟੈੱਸਟ ਦੇ ਸੰਦਰਭ ਵਿੱਚ ਆਰ ਐੱਸ ਐੱਸ ਦੇ ਵਿਚਾਰਧਾਰਕ ਅਤੇ ਭਾਰਤੀ ਜਨਤਾ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਸਾਬਕਾ ਸੂਬਾਈ ਮੁਖੀ ਟੀ ਜੀ ਮੋਹਨ ਦਾਸ ਵੱਲੋਂ ਕੀਤੀਆਂ ਗਈਆਂ ਹਿੰਸਕ, ਫਿਰਕੂ ਅਤੇ ਮਹਿਲਾ ਵਿਰੋਧੀ ਟਿੱਪਣੀਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਆਲ ਇੰਡੀਆ ਯੂਥ ਫੈਡਰੇਸ਼ਨ (ਏ ਆਈ ਵਾਈ ਐੱਫ) ਦੇ ਨੇਤਾ ਟੀ ਟੀ ਜਿਸਮਾਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਸਣੇ ਕਈ ਜਥੇਬੰਦੀਆਂ ਨੇ ਡੀ ਜੀ ਪੀ ਅਤੇ ਗ੍ਰਹਿ ਮੰਤਰੀ ਨੂੰ ਪਟੀਸ਼ਨ ਦਾਇਰ ਕਰਕੇ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਹਨ ਦਾਸ ਦਾ ਬਿਆਨ ਸ਼ਾਂਤਮਈ ਅਤੇ ਸੰਵਿਧਾਨਕ ਲੋਕਤੰਤਰੀ ਪ੍ਰੋਟੈੱਸਟ ‘ਤੇ ਸਿੱਧਾ ਹਮਲਾ ਹੈ ਅਤੇ ਹਿੰਸਾ ਭੜਕਾਉਣ, ਡਰ ਫੈਲਾਉਣ ਅਤੇ ਅਰਾਜਕਤਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਵਾਲਾ ਹੈ। ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਕੇਰਲਾ ਗ੍ਰਹਿ ਵਿਭਾਗ ਨੇ ਸਾਈਬਰ ਸੈੱਲ ਦੇ ਆਈ ਜੀ ਸ੍ਰੀ ਪੀ ਪ੍ਰਕਾਸ਼ ਨੂੰ ਜਾਂਚ ਸੌਂਪ ਦਿੱਤੀ ਹੈ।
ਦੋਸ਼ ਹੈ ਕਿ ਮੋਹਨ ਦਾਸ ਨੇ ਆਪਣੇ ਯੂਟਿਊਬ ਚੈਨਲ ‘ਪੱਤਰਿਕਾ’ ‘ਤੇ ਜਾਰੀ ਵੀਡੀਓ ਵਿੱਚ ਕਿਹਾ ਸੀ, ‘ਜੇ ਮੈਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਹੋ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਮੈਂ ਸਭ ਤੋਂ ਸਖਤ ਹਿੰਸਕ ਕਾਰਵਾਈ ਕਰਾਂਗਾ। ਮੈਂ ਜੰਤਰ-ਮੰਤਰ ਦੇ ਆਲੇ-ਦੁਆਲੇ 4 ਵਰਗ ਕਿੱਲੋਮੀਟਰ ਦੇ ਖੇਤਰ ਵਿੱਚ ਕਰਫਿਊ ਲਾਵਾਂਗਾ। ਭੀੜ ਨੂੰ ਖਿੰਡਣ ਲਈ ਲਾਊਡ ਸਪੀਕਰ ‘ਤੇ ਤਿੰਨ ਚੇਤਾਵਨੀਆਂ ਦੇਵਾਂਗਾ ਤੇ ਫਿਰ ਗੋਲੀਬਾਰੀ ਦਾ ਹੁਕਮ ਦੇਵਾਂਗਾ। ਲੋਕ ਭੱਜ ਜਾਣਗੇ, ਕੁਝ ਮਰ ਜਾਣਗੇ, ਕੁਝ ਗੰਭੀਰ ਜ਼ਖਮੀ ਹੋ ਜਾਣਗੇ। ਚਾਰ ਘੰਟਿਆਂ ਦੇ ਅੰਦਰ ਸਥਿਤੀ ਸ਼ਾਂਤ ਹੋ ਜਾਵੇਗੀ ਅਤੇ ਫਿਰ ਅਸੀਂ ਲਾਸ਼ਾਂ ਇਕੱਠੀਆਂ ਕਰਾਂਗੇ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਜਾਵਾਂਗੇ।’
ਇੱਕ ਹੋਰ ਵੀਡੀਓ ਕਲਿੱਪ ਵਿੱਚ ਉਸ ਨੇ ਅੰਦੋਲਨ ਵਿੱਚ ਸ਼ਾਮਲ ਮਹਿਲਾ ਪ੍ਰਦਰਸ਼ਨਕਾਰੀਆਂ ਬਾਰੇ ਕਿਹਾ, ‘ਗੈਂਗ ਰੇਪ ਅਤੇ ਕਤਲ ਹੋਣਗੇ। ਬਲਾਤਕਾਰ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਵੇਗੀ, ਕਿਉਂਕਿ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੀਆਂ ਧਰਮ ਨਿਰਪੱਖ ਅਤੇ ਖੱਬੇ-ਪੱਖੀ ਮਹਿਲਾਵਾਂ ਬਲਾਤਕਾਰ ਪਸੰਦ ਕਰਦੀਆਂ ਹਨ।’
ਵਿਆਪਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੀ ਕੇਰਲਾ ਇਕਾਈ ਦੇ ਅਧਿਕਾਰੀਆਂ ਨੇ ਮੋਹਨ ਦਾਸ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਕਾਂਗਰਸ ਨੇ ਮੋਹਨ ਦਾਸ ਦੇ ਬਿਆਨਾਂ ਨੂੰ ਨਫਰਤੀ ਅਤੇ ਨਾਰੀ ਵਿਰੋਧੀ ਮਾਨਸਿਕਤਾ ਕਰਾਰ ਦਿੰਦਿਆਂ ਤੁਰੰਤ ਅਤੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਡੈਮੋਕਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ (ਡੀ ਵਾਈ ਐੱਫ ਆਈ) ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਏ ਏ ਰਹੀਮ ਨੇ ਕਿਹਾ ਕਿ ਇਸ ਮਾਮਲੇ ਨਾਲ ਸਿਆਸੀ ਅਤੇ ਕਾਨੂੰਨੀ ਦੋਵਾਂ ਪੱਧਰਾਂ ‘ਤੇ ਨਜਿੱਠਿਆ ਜਾਵੇਗਾ।
ਕੇਰਲਾ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀ ਮੋਹਨ ਦਾਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਵਿਜਯਨ ਨੇ ਦੋਸ਼ ਲਗਾਇਆ ਕਿ ਮੋਹਨ ਦਾਸ ਦੇ ਬਿਆਨ ਸੰਘ ਪਰਵਾਰ ਦੀ ਅਸਹਿਮਤੀ ਨੂੰ ਖਤਮ ਕਰਨ ਦੀ ਮਾਨਸਿਕਤਾ ਨੂੰ ਦਰਸਾਉਂਦੇ ਹਨ।
ਮੋਹਨ ਦਾਸ ਪੇਸ਼ੇ ਤੋਂ ਇੰਜੀਨੀਅਰ ਅਤੇ ਵਕੀਲ ਹੈ। ਉਹ ਕੇਰਲਾ ਵਿੱਚ ਭਾਜਪਾ ਅਤੇ ਸੰਘ ਪਰਵਾਰ ਨਾਲ ਜੁੜੇ ਬੌਧਿਕ ਮੰਚਾਂ ਵਿੱਚ ਸਰਗਰਮ ਰਿਹਾ ਹੈ ਅਤੇ ਭਾਜਪਾ ਦੇ ਰਾਜ ਬੌਧਿਕ ਸੈੱਲ ਦਾ ਕਨਵੀਨਰ ਵੀ ਰਹਿ ਚੁੱਕਾ ਹੈ। ਉਹ ਆਰ ਐੱਸ ਐੱਸ ਦੇ ‘ਭਾਰਤੀਯ ਵਿਚਾਰ ਕੇਂਦਰਮ’ ਦਾ ਜਨਰਲ ਸਕੱਤਰ (1997) ਅਤੇ ਉਪ-ਪ੍ਰਧਾਨ (2006) ਰਹਿ ਚੁੱਕਾ ਹੈ ਅਤੇ ਆਰ ਐੱਸ ਐੱਸ ਦੀ ਕੰਪਨੀ ‘ਅਯੁੱਧਿਆ ਪ੍ਰਿੰਟਰਜ਼’ ਅਤੇ ਕੁਝ ਸਮੇਂ ਲਈ ‘ਜਨਮਭੂਮੀ’ ਦਾ ਜਨਰਲ ਮੈਨੇਜਰ ਵੀ ਰਹਿ ਚੁੱਕਾ ਹੈ। ਤਿਰੁਅਨੰਤਪੁਰਮ ਦੇ ਇੰਜੀਨੀਅਰਿੰਗ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਸ ਨੇ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਅਤੇ ਕੇਲਟ੍ਰੋਨ ਵਿੱਚ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰ ਵਜੋਂ ਕੰਮ ਕੀਤਾ। 62 ਸਾਲ ਦੀ ਉਮਰ ਵਿੱਚ ਉਹ ਸਰਕਾਰੀ ਲਾਅ ਕਾਲਜ ਏਰਨਾਕੁਲਮ ਵਿੱਚ ਇੱਕ ਨਿਯਮਤ ਵਿਦਿਆਰਥੀ ਸੀ। ਉਹ ਹੁਣ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ। ਹਰ ਪਾਸਿਓਂ ਘਿਰਨ ਤੋਂ ਬਾਅਦ ਵਿੱਚ ਮੋਹਨ ਦਾਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਟਿੱਪਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਸੰਦਰਭ ਤੋਂ ਬਾਹਰ ਲਿਆ ਗਿਆ, ਉਹ ਆਪਣੀ ਗੱਲ ਦੱਸਣ ਲਈ ਵਿਅੰਗ ਦੀ ਵਰਤੋਂ ਕਰ ਰਿਹਾ ਸੀ।