ਪਿਛਲੇ ਦਿਨੀਂ ਤਿੰਨ ਰਾਜਾਂ ਦੀਆਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਈਆਂ ਸਨ। ਇਹ ਸੀਟਾਂ ਸਨ ਬਿਹਾਰ ਦੀ ਬਾਂਕੀਪੁਰ, ਮੱਧ ਪ੍ਰਦੇਸ਼ ਦੀ ਦਤੀਆ ਤੇ ਗੁਜਰਾਤ ਦੀ ਮਾਂਜਲਪੁਰ। ਇਨ੍ਹਾਂ ਸੀਟਾਂ ਵਾਲੇ ਤਿੰਨਾਂ ਹੀ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਆਮ ਤੌਰ ‘ਤੇ ਉਪ ਚੋਣਾਂ ਵਿੱਚ 90 ਫੀਸਦੀ ਰਾਜ ਕਰਦੀ ਪਾਰਟੀ ਦੇ ਉਮੀਦਵਾਰ ਹੀ ਜਿੱਤਦੇ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਇਸ ਦੇ ਉਲਟ ਹੋਇਆ ਹੈ। ਬਾਂਕੀਪੁਰ ਤੇ ਦਤੀਆ ਵਿੱਚ ਭਾਜਪਾ ਉਮੀਦਵਾਰ ਕਾਫੀ ਵੱਡੇ ਫਰਕ ਨਾਲ ਹਾਰੇ ਹਨ, ਉਸ ਦੇ ਪੱਲੇ ਸਿਰਫ ਮਾਂਜਲਪੁਰ ਸੀਟ ਹੀ ਪਈ ਹੈ।
ਬਾਂਕੀਪੁਰ ਦਾ ਨਤੀਜਾ ਹੈਰਾਨ ਕਰਨ ਵਾਲਾ ਹੈ। ਇਹ ਪਟਨਾ ਦੀ ਸ਼ਹਿਰੀ ਸੀਟ ਹੈ। ਇਸ ਸੀਟ ‘ਤੇ 35 ਫੀਸਦੀ ਸਵਰਣ ਵੋਟਾਂ ਹਨ ਤੇ ਇਹ ਭਾਜਪਾ ਦਾ ਗੜ੍ਹ ਮੰਨੀ ਜਾਂਦੀ ਰਹੀ ਹੈ। ਇਹ ਸੀਟ 1995 ਤੋਂ ਭਾਜਪਾ ਕੋਲ ਰਹੀ ਹੈ। ਪਹਿਲਾਂ ਇਸ ਸੀਟ ਤੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਪਿਤਾ ਜਿੱਤਦਾ ਰਿਹਾ ਤੇ ਉਸ ਤੋਂ ਬਾਅਦ ਨਿਤਿਨ ਨਬੀਨ ਖੁਦ ਇਸ ਸੀਟ ‘ਤੇ ਕਾਬਜ਼ ਰਿਹਾ ਹੈ। ਪਿਛਲੀ ਵਾਰ ਉਸ ਨੇ ਇਹ ਸੀਟ 52 ਹਜ਼ਾਰ ਦੇ ਵੱਡੇ ਫਰਕ ਨਾਲ ਜਿੱਤੀ ਸੀ। ਨਿਤਿਨ ਨਬੀਨ ਨੇ ਭਾਜਪਾ ਦਾ ਕੌਮੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਤੇ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਕੀਤੀ ਸੀ। ਬਾਂਕੀਪੁਰ ਵਿੱਚ ਜਨਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਨੀਰਜ ਕੁਮਾਰ ਨੂੰ 19324 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਪ੍ਰਸ਼ਾਂਤ ਕਿਸ਼ੋਰ ਕੋਲ ਹੇਠਲੇ ਪੱਧਰ ‘ਤੇ ਕੋਈ ਵਰਕਰ ਨਹੀਂ ਸੀ, ਸਿਰਫ ਆਮ ਜਨਤਾ ਦੇ ਸਹਾਰੇ ਉਸ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ। ਇਹ ਜਿੱਤ ਹੋਰ ਵੀ ਵੱਡੀ ਹੋ ਸਕਦੀ ਸੀ ਜੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾ ਕੀਤੀ ਹੁੰਦੀ। ਇਸ ਵਾਰ ਇਸ ਸੀਟ ‘ਤੇ ਸਿਰਫ 34 ਫ਼ੀਸਦੀ ਵੋਟ ਪੋਲ ਹੋਈ। ਇਸ ਦਾ ਕਾਰਨ ਪਟਨਾ ਦੇ ਪੁਲਸ ਮੁਖੀ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸੀ। ਇਹ ਜਿਹੜੇ ਵੋਟਰ ਪੁਲਸ ਦੀ ਗੁੰਡਾਗਰਦੀ ਕਾਰਨ ਵੋਟ ਪਾਉਣ ਘਰਾਂ ਵਿੱਚੋਂ ਨਹੀਂ ਨਿਕਲ ਸਕੇ, ਇਹ ਸਾਰੀ ਵੋਟ ਭਾਜਪਾ ਦੇ ਵਿਰੁੱਧ ਭੁਗਤਣੀ ਸੀ। ਭਾਜਪਾ ਰਾਜ ਵਿੱਚ ਪਹਿਲੀ ਵਾਰ ਸੱਤਾ ਵਿੱਚ ਆਈ ਸੀ ਤੇ ਨਵੇਂ ਬਣੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਇਸ ਸੀਟ ਨੂੰ ਵਕਾਰ ਦਾ ਸਵਾਲ ਬਣਾਇਆ ਹੋਇਆ ਸੀ। ਇਸ ਦੇ ਬਾਵਜੂਦ ਲੋਕਾਂ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ।
ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਤੇ ਭਾਜਪਾ ਦੀ ਹਾਰ ਦੇ ਕਈ ਪਹਿਲੂ ਹਨ। ਇਹ ਸੀਟ ਮੱਧ ਵਰਗ ਦੀ ਸੀਟ ਹੈ, ਜਿਹਨੂੰ ਭਾਜਪਾ ਦਾ ਕੋਰ ਵੋਟਰ ਮੰਨਿਆ ਜਾਂਦਾ ਹੈ। ਇਹ ਵੋਟ ਭਾਜਪਾ ਨੂੰ ਤਿਲਾਂਜਲੀ ਦੇ ਚੁੱਕੀ ਹੈ। ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਵੀ ਲੋਕਾਂ ਨੇ ਪਸੰਦ ਨਹੀਂ ਕੀਤਾ। ਅਸਲ ਵਿੱਚ ਭਾਜਪਾ ਆਪਣੇ ਆਪ ਬਿਹਾਰ ਵਿੱਚ ਅਜਿਹੀ ਤਾਕਤ ਨਹੀਂ, ਜੋ ਇਕੱਲਿਆਂ ਸੱਤਾ ਹਾਸਲ ਕਰ ਸਕੇ। ਉਸ ਨੂੰ ਜਨਤਾ ਦਲ (ਯੂ) ਦਾ ਸਹਾਰਾ ਹੀ ਇੱਥੋਂ ਤੱਕ ਲਿਆਇਆ ਹੈ। ਪ੍ਰਸ਼ਾਂਤ ਕਿਸ਼ੋਰ ਵੱਲੋਂ ਚੋਣਾਂ ਦੇ ਐਲਾਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਕਾਂਗਰਸ ਵੋਟਰਾਂ ਨੇ ਪ੍ਰਸ਼ਾਂਤ ਕਿਸ਼ੋਰ ਦਾ ਸਾਥ ਦਿੱਤਾ। ਕਾਂਗਰਸ ਨੇ ਤਾਂ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਨੂੰ ਵੀ ਕਿਹਾ ਸੀ ਕਿ ਉਹ ਆਪਣਾ ਉਮੀਦਵਾਰ ਖੜ੍ਹਾ ਨਾ ਕਰੇ ਪਰ ਉਹ ਮੰਨਿਆ ਨਹੀਂ, ਸਿੱਟੇ ਵਜੋਂ ਉਸ ਦੀ ਉਮੀਦਵਾਰ ਰੇਖਾ ਗੁਪਤਾ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ। ਆਰ ਜੇ ਡੀ ਦਾ ਐੱਮ ਵਾਈ ਯਾਨੀ ਮੁਸਲਿਮ-ਯਾਦਵ ਵੋਟਰ ਵੀ ਉਸ ਨਾਲੋਂ ਟੁੱਟ ਕੇ ਪ੍ਰਸ਼ਾਂਤ ਕਿਸ਼ੋਰ ਦੇ ਹੱਕ ਵਿੱਚ ਭੁਗਤਿਆ।
ਨੀਟ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਵਿਰੁੱਧ ਅੰਦੋਲਨ ਦਾ ਵੀ ਇਨ੍ਹਾਂ ਚੋਣਾਂ ਵਿੱਚ ਪ੍ਰਛਾਵਾਂ ਰਿਹਾ। ਜਿੱਥੇ ਕਾਕਰੋਚਾਂ ਨੇ ਦਿੱਲੀ ਵਿੱਚ ਮੋਰਚਾ ਲਾਇਆ ਸੀ, ਉਥੇ ਪਟਨਾ ਵਿੱਚ ਵੀ ਨੌਜਵਾਨ, ਵਿਦਿਆਰਥੀ ਡਾਂਗਾਂ ਖਾ ਕੇ ਵੀ ਆਪਣੀਆਂ ਮੰਗਾਂ ਲਈ ਡਟੇ ਰਹੇ ਤੇ ਅੱਜ ਵੀ ਡਟੇ ਹੋਏ ਹਨ। ਜੇ ਘਰ ਦੇ ਬਜ਼ੁਰਗ ਭਾਜਪਾ ਨਾਲ ਸਨ ਤਾਂ ਨੌਜਵਾਨ ਪ੍ਰਸ਼ਾਂਤ ਕਿਸ਼ੋਰ ਦੇ ਹੱਕ ਵਿੱਚ ਲਾਈਨਾਂ ਬਣਾ ਕੇ ਭੁਗਤਦੇ ਦੇਖੇ ਗਏ। ਭਾਜਪਾ ਵਿੱਚ ਜਿੱਥੇ ਉਮੀਦਵਾਰ ਬਣਨ ਲਈ ਮਾਰਧਾੜ ਹੁੰਦੀ ਰਹਿੰਦੀ ਸੀ, ਐਤਕੀਂ ਹਾਲਾਤ ਬਦਲੇ ਨਜ਼ਰ ਆਏ। ਭਾਜਪਾ ਨੇ ਪਹਿਲਾਂ ਅਭਿਸ਼ੇਕ ਕੁਮਾਰ ਸਿਨਹਾ ਨੂੰ ਉਮੀਦਵਾਰ ਬਣਾਇਆ ਸੀ, ਪਰ ਆਪਣੀ ਹਾਰ ਦੇਖਦਿਆਂ ਉਸ ਨੇ 10 ਜੁਲਾਈ ਨੂੰ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਕੁਝ ਘੰਟੇ ਪਹਿਲਾਂ ਮੁੱਖ ਮੰਤਰੀ ਸਮਰਾਟ ਚੌਧਰੀ ਉਸ ਦੇ ਹੱਕ ਵਿੱਚ ਪ੍ਰਚਾਰ ਕਰਕੇ ਗਏ ਸਨ। ਇਸ ਤੋਂ ਬਾਅਦ ਭਾਜਪਾ ਨੇ ਆਪਣੇ ਪੁਰਾਣੇ ਵਰਕਰ ਨੀਰਜ ਕੁਮਾਰ ਨੂੰ ਉਮੀਦਵਾਰ ਬਣਾਇਆ। ਪ੍ਰਸ਼ਾਂਤ ਕਿਸ਼ੋਰ ਦੀ ਇਸ ਜਿੱਤ ਨੇ ਤਾਮਿਲਨਾਡੂ ਵਾਂਗ ਬਿਹਾਰ ਵਿੱਚ ਵੀ ਨਵਾਂ ਤੀਜਾ ਬਦਲ ਬਣਨ ਦਾ ਰਾਹ ਖੋਲ੍ਹ ਦਿੱਤਾ ਹੈ।
ਹੁਣ ਲਓ, ਮੱਧ ਪ੍ਰਦੇਸ਼ ਦੀ ਦਤੀਆ ਸੀਟ ਦਾ ਹਾਲ। ਇਹ ਸੀਟ ਵੀ ਭਾਜਪਾ ਦਾ ਗੜ੍ਹ ਮੰਨੀ ਜਾਂਦੀ ਰਹੀ ਹੈ। ਇਸ ਸੀਟ ਤੋਂ ਭਾਜਪਾ ਦਾ ਵੱਡਾ ਜਗੀਰਦਾਰ ਨਰੋਤਮ ਮਿਸ਼ਰਾ ਲਗਾਤਾਰ ਜਿੱਤਦਾ ਰਿਹਾ ਸੀ, ਪਰ ਪਿਛਲੀ ਵਾਰ ਉਹ ਕਾਂਗਰਸ ਦੇ ਰਜਿੰਦਰ ਭਾਰਤੀ ਤੋਂ ਹਾਰ ਗਿਆ ਸੀ। ਦਤੀਆ ਸ਼ਹਿਰ ਦੁਆਲੇ ਮੁਗਲ ਕਾਲ ਵੇਲੇ ਦੀ ਇੱਕ ਪੱਥਰਾਂ ਦੀ ਦੀਵਾਰ ਹੁੰਦੀ ਸੀ। ਆਪਣੀ ਵਿਧਾਇਕੀ ਕਾਲ ਦੌਰਾਨ ਨਰੋਤਮ ਮਿਸ਼ਰਾ ਨੇ ਇਸ ਦੀਵਾਰ ਨੂੰ ਬੁਲਡੋਜ਼ਰ ਚਲਾ ਕੇ ਜ਼ਮੀਨਦੋਜ਼ ਕਰ ਦਿੱਤਾ ਸੀ, ਜਿਸ ਦਾ ਲੋਕਾਂ ਨੇ ਬੁਰਾ ਮਨਾਇਆ ਤੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਰਜਿੰਦਰ ਭਾਰਤੀ ਨੂੰ ਇੱਕ ਕੇਸ ਵਿੱਚ ਸਜ਼ਾ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਵਾਰ ਭਾਜਪਾ ਨੇ ਆਰ ਐੱਸ ਐੱਸ ਦੀ ਪਿੱਠਭੂਮੀ ਵਾਲੇ ਆਸ਼ੂਤੋਸ਼ ਤਿਵਾੜੀ ਤੇ ਕਾਂਗਰਸ ਨੇ ਘਣਸ਼ਾਮ ਸਿੰਘ ਨੂੰ ਉਮੀਦਵਾਰ ਬਣਾਇਆ ਸੀ। ਚੰਦਰ ਸ਼ੇਖਰ ਦੀ ਅਜ਼ਾਦ ਸਮਾਜ ਪਾਰਟੀ ਨੇ ਵੀ ਦਮੋਦਰ ਯਾਦਵ ਨੂੰ ਖੜ੍ਹਾ ਕੀਤਾ ਸੀ। ਚੋਣ ਨਤੀਜਾ ਆਉਣ ‘ਤੇ ਕਾਂਗਰਸੀ ਉਮੀਦਵਾਰ ਨੇ ਭਾਜਪਾ ਉਮੀਦਵਾਰ ਨੂੰ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ। ਇਹ ਅੰਤਰ ਹੋਰ ਵੀ ਵੱਡਾ ਹੋਣਾ ਸੀ ਜੇ ਅਜ਼ਾਦ ਸਮਾਜ ਪਾਰਟੀ ਦਾ ਉਮੀਦਵਾਰ ਦਮੋਦਰ ਯਾਦਵ 22 ਹਜ਼ਾਰ ਤੋਂ ਵੱਧ ਵੋਟਾਂ ਨਾ ਲੈ ਜਾਂਦਾ, ਕਿਉਂਕਿ ਇਹ ਵੋਟ ਵੀ ਭਾਜਪਾ ਵਿਰੋਧੀ ਵੋਟ ਸੀ। ਇਸ ਸੀਟ ‘ਤੇ ਯਾਦਵ ਵੋਟਾਂ ਦੀ ਵੱਡੀ ਗਿਣਤੀ ਹੈ, ਪਰ ਅਖਿਲੇਸ਼ ਯਾਦਵ ਇੰਡੀਆ ਗੱਠਜੋੜ ਦਾ ਹਿੱਸਾ ਹੋਣ ਦੇ ਬਾਵਜੂਦ ਇੱਕ ਦਿਨ ਵੀ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਨਾ ਆਇਆ। ਜੇ ਉਹ ਆਉਂਦਾ ਤਾਂ ਕਾਂਗਰਸੀ ਉਮੀਦਵਾਰ ਦੀ ਵੋਟ ਹੋਰ ਵੀ ਵਧ ਜਾਂਦੀ। ਇਸ ਚੋਣ ਨੇ ਇੰਡੀਆ ਗੱਠਜੋੜ ਦੇ ਆਗੂਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਅਜ਼ਾਦ ਸਮਾਜ ਪਾਰਟੀ ਵੱਲ ਆਪਣੀ ਪਹੁੰਚ ਬਦਲ ਕੇ ਉਸ ਨੂੰ ਆਪਣੇ ਨਾਲ ਮਿਲਾਉਣ।
ਤੀਜੀ ਸੀਟ ਗੁਜਰਾਤ ਦੇ ਮਾਂਜਲਪੁਰ ਦੀ ਹੈ। ਇਹ ਸੀਟ ਭਾਜਪਾ ਨੇ ਜਿੱਤ ਤਾਂ ਲਈ ਹੈ, ਪਰ ਉਸ ਦਾ ਅੰਤਰ ਬਹੁਤ ਘਟ ਗਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ਨੇ ਇਹ ਸੀਟ ਇੱਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਵਾਰ ਇਹ ਅੰਤਰ ਘਟ ਕੇ 30630 ਵੋਟਾਂ ‘ਤੇ ਆ ਗਿਆ ਹੈ। ਇਨ੍ਹਾਂ ਤਿੰਨਾਂ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਭਾਜਪਾ ਦਾ ਗਰਾਫ ਲਗਾਤਾਰ ਡਿਗਦਾ ਜਾ ਰਿਹਾ ਹੈ। ਹੁਣ ਉਸ ਦੇ ਅੰਦਰ ਵੀ ਭਗਦੜ ਮਚੇਗੀ। ਲੋੜ ਇੰਡੀਆ ਗੱਠਜੋੜ ਨੂੰ ਹੋਰ ਮਜ਼ਬੂਤ ਕਰਕੇ ਇੱਕ ਧੱਕੇ ਦੀ ਹੈ।
-ਚੰਦ ਫਤਿਹਪੁਰੀ



