ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਸਥਿਤ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਇੱਕ ਵੱਡੀ ਦੇਸ਼-ਵਿਆਪੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਤਹਿਤ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਦਾ ‘ਸੋਸ਼ਲ ਆਡਿਟ’ ਕਰਨ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਸਕੂਲਾਂ ਦੀ ਨੁਹਾਰ ਬਦਲਣ ਦੀ ਜ਼ਿੰਮੇਵਾਰੀ ਚੁੱਕਣ ਦੀ ਅਪੀਲ ਕੀਤੀ ਹੈ। ਇਹ ਮੁਹਿੰਮ 15 ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਮੁੱਖ ਮਕਸਦ ਦਿਹਾਤੀ ਖੇਤਰਾਂ ਵਿੱਚ ਸਿੱਖਿਆ ਢਾਂਚੇ ਦੀ ਲਗਾਤਾਰ ਹੋ ਰਹੀ ਅਣਦੇਖੀ ਵੱਲ ਧਿਆਨ ਦਿਵਾਉਣਾ ਹੈ। ਇੱਕ ਵੀਡੀਓ ਵਿੱਚ ਦੀਪਕੇ ਨੇ ਦੱਸਿਆ ਕਿ ਉਹ ਇਸ ਪਹਿਲਕਦਮੀ ਦੀ ਸ਼ੁਰੂਆਤ ਮਹਾਰਾਸ਼ਟਰ ਵਿੱਚ ਸਥਿਤ ਆਪਣੇ ਪਿੰਡ ਹਿੰਗੋਲੀ ਤੋਂ ਕਰਨਗੇ। ਉਹ ਪਿੰਡ ਦੇ ਸਰਪੰਚ ਨੂੰ ਮਿਲ ਕੇ ਸਥਾਨਕ ਸਰਕਾਰੀ ਸਕੂਲ ਦੀ ਹਾਲਤ ਸੁਧਾਰਨ ਦੀ ਬੇਨਤੀ ਕਰਨਗੇ। ਉਨ੍ਹਾਂ ਕਿਹਾ, “15 ਅਗਸਤ ਨੂੰ ਅਸੀਂ ਆਪਣਾ 80ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਹੇ ਹਾਂ, ਪਰ ਪਿਛਲੇ 80 ਸਾਲਾਂ ਵਿੱਚ ਜੇਕਰ ਕਿਸੇ ਚੀਜ਼ ਦੀ ਸਭ ਤੋਂ ਵੱਧ ਅਣਦੇਖੀ ਹੋਈ ਹੈ, ਤਾਂ ਉਹ ਸਾਡੇ ਪਿੰਡਾਂ ਦੇ ਸਰਕਾਰੀ ਸਕੂਲ ਹਨ। ਅਸੀਂ ਨਵੀਂ ਸੰਸਦ ਅਤੇ ਨਵਾਂ ਪ੍ਰਧਾਨ ਮੰਤਰੀ ਨਿਵਾਸ ਬਣਾ ਲਿਆ ਹੈ, ਪਰ ਅਸੀਂ ਆਪਣੇ ਪਿੰਡਾਂ ਵਿੱਚ ਨਵੇਂ ਸਕੂਲ ਕਿਉਂ ਨਹੀਂ ਬਣਾ ਸਕੇ? ਕੀ ਅਸੀਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਨਹੀਂ ਮੰਨਦੇ?” ਦੀਪਕੇ ਨੇ ਦਿਹਾਤੀ ਖੇਤਰਾਂ ਦੀਆਂ ਸਮੱਸਿਆਵਾਂ ਉਜਾਗਰ ਕਰਦਿਆਂ ਕਿਹਾ ਕਿ ਅੱਜ ਵੀ ਪਿੰਡਾਂ ਦੇ ਬੱਚਿਆਂ ਨੂੰ ਸਕੂਲ ਜਾਣ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ ਅਤੇ ਉੱਥੇ ਪੀਣ ਵਾਲੇ ਸਾਫ਼ ਪਾਣੀ ਅਤੇ ਬੁਨਿਆਦੀ ਸਹੂਲਤਾਂ ਤੱਕ ਮੁਹੱਈਆ ਨਹੀਂ ਹਨ। ਇਸ ਕਾਰਨ ਵਿਸ਼ੇਸ਼ ਤੌਰ ‘ਤੇ ਲੜਕੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਆਜ਼ਾਦੀ ਦਿਹਾੜੇ ‘ਤੇ ਸਭ ਤੋਂ ਵੱਡੀ ਨਵੀਂ ਸ਼ੁਰੂਆਤ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰ ਕੇ ਹੀ ਕੀਤੀ ਜਾਣੀ ਚਾਹੀਦੀ ਹੈ।

