ਅਕਾਲੀ ਦਲ ‘ਈ ਡੀ ਪਾਰਟੀ’ ਦੇ ਇਸ਼ਾਰਿਆਂ ‘ਤੇ ਚੱਲਣ ਲੱਗ ਪਿਐ : ਚੀਮਾ

0
8

ਚੰਡੀਗੜ੍ਹ (ਨ ਜ਼ ਸ) ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ‘ਬੇਅਦਬੀ ਪਾਰਟੀ’ (ਸ਼੍ਰੋਮਣੀ ਅਕਾਲੀ ਦਲ) ਅਤੇ ‘ਈ ਡੀ ਪਾਰਟੀ’ (ਭਾਜਪਾ) ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅਤੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਵਿਚਕਾਰ ਹੋਏ ਪੱਤਰ-ਵਿਹਾਰ ਦੇ ਸੰਬੰਧ ਵਿੱਚ ਅਕਾਲੀ ਦਲ ਵੱਲੋਂ ਦਿੱਤੇ ਬਿਆਨਾਂ ਦੀ ਕਰੜੀ ਨਿੰਦਾ ਕੀਤੀ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ, ‘ਚਿੱਟਾ ਪਾਰਟੀ’ (ਅਕਾਲੀ ਦਲ) ਆਪਣੇ ਸਾਰੇ ਸਿਧਾਂਤ ਛੱਡ ਕੇ ਹੁਣ ਈ ਡੀ ਪਾਰਟੀ’ (ਭਾਜਪਾ) ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਤਰਜਮਾਨ ਵਜੋਂ ਕੰਮ ਕਰ ਰਹੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਈ ਡੀ ਵੱਲੋਂ ਡੀ ਜੀ ਪੀ ਨੂੰ ਭੇਜੇ ਗਏ ਇੱਕ ਪੱਤਰ ਨੂੰ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇੱਕ ਹਥਿਆਰ ਵਜੋਂ ਵਰਤ ਰਿਹਾ ਹੈ।”ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਹੀ ਇੱਕ ਸ਼ਾਖਾ ਅਤੇ ਬੁਲਾਰੇ ਵਜੋਂ ਕੰਮ ਕਰ ਰਿਹਾ ਹੈ, ਜੋ ਆਪਣੀ ਖੁੱਸ ਚੁੱਕੀ ਸਿਆਸੀ ਜ਼ਮੀਨ ਨੂੰ ਲੱਭਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ।
2007 ਤੋਂ 2017 ਤੱਕ ਦੇ ਕਾਲੇ ਦੌਰ ਦੀ ਯਾਦ ਦਿਵਾਉਂਦਿਆਂ ਉਨ੍ਹਾ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੂੰ ਪੰਜਾਬ ਦੇ ਸਮਾਜਿਕ ਤਾਣੇ-ਬਾਣੇ, ਆਰਥਿਕਤਾ ਅਤੇ ਜਵਾਨੀ ਨੂੰ ਤਬਾਹ ਕਰਨ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਨਸ਼ਿਆਂ ਦੀ ਬਿਮਾਰੀ (ਚਿੱਟਾ), ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਵਿਆਪਕ ਭ੍ਰਿਸ਼ਟਾਚਾਰ ਨੂੰ ਨਹੀਂ ਭੁੱਲੇ, ਜਿਸ ਕਾਰਨ ਸੂਬੇ ਨੂੰ ‘ਉੜਤਾ ਪੰਜਾਬ’ ਦਾ ਦੁਖਦਾਈ ਸੰਤਾਪ ਹੰਢਾਉਣਾ ਪਿਆ।
ਉਹਨਾ ਕਿਹਾ ਕਿ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਨੂੰ ਹਰ ਪੱਖੋਂ ਤਬਾਹ ਕੀਤਾ ਗਿਆ। ਮਾਪਿਆਂ ਨੂੰ ਇਸ ਡਰ ਤੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਪਣੀਆਂ ਜ਼ਮੀਨਾਂ, ਘਰ ਅਤੇ ਉਮਰ ਭਰ ਦੀ ਕਮਾਈ ਵੇਚਣ ਲਈ ਮਜਬੂਰ ਹੋਣਾ ਪਿਆ, ਕਿਉਂ ਕਿ ਸਰਕਾਰ ਦੁਆਰਾ ਪਾਲਿਆ ਗਿਆ ਨਸ਼ਾ ਮਾਫੀਆ ਉਹਨਾਂ ਦਾ ਭਵਿੱਖ ਬਰਬਾਦ ਕਰ ਦੇਵੇਗਾ।
ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀ ਮੌਕਾਪ੍ਰਸਤ ਰਾਜਨੀਤੀ ਅਤੇ ਭਾਜਪਾ ਨਾਲ ਇਸ ਦੇ ਇਤਿਹਾਸਕ ਗਠਜੋੜ ਤੋਂ ਭਲੀ-ਭਾਂਤ ਜਾਣੂ ਹਨ। ਉਨ੍ਹਾ ਕਿਹਾ ਕਿ ਜਿਹੜੀ ਪਾਰਟੀ ਕਦੇ ਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀ ਸੀ, ਉਹ ਹੁਣ ਆਪਣੀ ਸਿਆਸੀ ਚਮੜੀ ਬਚਾਉਣ ਲਈ ਕੇਂਦਰੀ ਏਜੰਸੀਆਂ ਦੇ ਇਸ਼ਾਰਿਆਂ ‘ਤੇ ਚੱਲਣ ਤੱਕ ਗਿਰ ਚੁੱਕੀ ਹੈ। ਪੰਜਾਬ ਦੇ ਲੋਕ ਇਹਨਾਂ ਸਸਤੇ ਸਿਆਸੀ ਹੱਥਕੰਡਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਨਾ ਤਾਂ ਈ ਡੀ ਅਤੇ ਨਾ ਹੀ ਅਕਾਲੀ ਦਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਜਾਂ ‘ਆਪ’ ਸਰਕਾਰ ਦੇ ਪ੍ਰਗਤੀਸ਼ੀਲ ਸ਼ਾਸਨ ਨੂੰ ਲੀਹੋਂ ਲਾਹੁਣ ‘ਚ ਸਫਲ ਹੋਣਗੇ।ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਵੀਰ ਘੁੰਮਣ ਈ ਡੀ ਦੇ ਰਾਡਾਰ ‘ਤੇ ਹਨ। ਈ ਡੀ ਨੇ ਪੰਜਾਬ ਦੇ ਡੀ ਜੀ ਪੀ ਨੂੰ ਵੀ ਪੱਤਰ ਲਿਖ ਕੇ ਕਿਹਾ ਹੈ ਕਿ ਰਾਜਵੀਰ ਘੁੰਮਣ ਨੇ ਬਦਲੀਆਂ ਦੇ ਕਰੋੜਾਂ ਕਮਾਏ ਤੇ ਸਰਕਾਰੀ ਕੰਮਾਂ ਦੀ ਦਲਾਲੀ ਕੀਤੀ ਹੈ।