ਦੇਹਰਾਦੂਨ : ਵੀਰਵਾਰ ਸ਼ਾਮ 7 ਵਜੇ ਦੇ ਕਰੀਬ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੱਪਲਕੋਟੀ ਵਿੱਚ ਨਿਰਮਾਣ ਅਧੀਨ ਸੁਰੰਗ ਪਾਣੀ ਅਤੇ ਮਲਬੇ ਨਾਲ ਭਰ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਤਿੰਨ ਅਜੇ ਵੀ ਸੁਰੰਗ ਦੇ ਅੰਦਰ ਫਸੇ ਹੋਏ ਹਨ। ਸੁਰੰਗ ਵਿੱਚ ਕੁੱਲ 22 ਲੋਕ ਫਸ ਗਏ ਸਨ, ਜਿਨ੍ਹਾਂ ਵਿੱਚੋਂ 12 ਮਜ਼ਦੂਰਾਂ ਨੂੰ ਬਚਾ ਲਿਆ ਗਿਆ।
ਅਰੁਣਾਚਲ ‘ਚ ਚੀਨੀ ਐਕਸ਼ਨ ‘ਤੇ ਸਰਕਾਰ ਜਵਾਬ ਦੇਵੇ : ਖੜਗੇ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਉਨ੍ਹਾਂ ਰਿਪੋਰਟਾਂ ‘ਤੇ ਜਵਾਬ ਮੰਗਿਆ ਕਿ ਚੀਨ ਨੇ ਭਾਰਤੀ ਫੌਜੀਆਂ ਨੂੰ ਅਰੁਣਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਗਸ਼ਤ ਕਰਨ ਤੋਂ ਰੋਕ ਦਿੱਤਾ ਹੈ। ਖੜਗੇ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਭਾਰਤੀ ਫੌਜਾਂ ਨੇ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਦੇ ਨਾਲ ਲੱਗਦੇ ਖੇਤਰਾਂ ਤੱਕ ਪਹੁੰਚ ਗੁਆ ਦਿੱਤੀ ਹੈ। ਖੜਗੇ ਨੇ ‘ਐੱਕਸ’ ਉੱਤੇ ਲਿਖਿਆ,”ਗਲਵਾਨ ਤੋਂ ਬਾਅਦ, ਹੁਣ ਅਰੁਣਾਚਲ ਪ੍ਰਦੇਸ਼? ਪਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ ਦੇ ਖੇਤਰਾਂ ਵਿੱਚ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਸਾਡੇ ਦੇਸ਼ ਦਾ ਇੱਕ ਅਟੁੱਟ ਹਿੱਸਾ ਹੈ। ਇਹ ਮੋਦੀ ਸਰਕਾਰ ਤੋਂ ਤੁਰੰਤ ਜਵਾਬ ਦੀ ਮੰਗ ਕਰਦਾ ਹੈ।” ਸਰਕਾਰ ਵੱਲੋਂ ਦਾਅਵਿਆਂ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ, ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਜਿਹੀ ਕਿਸੇ ਵੀ ਘਟਨਾ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਰਾਹੁਲ ਨੂੰ ਸੁਪਰੀਮ ਕੋਰਟ ਤੋਂ ਰਾਹਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਹਿੰਦੂਤਵ ਵਿਚਾਰਧਾਰਾ ਵਾਲੇ ਵਿਨਾਇਕ ਦਾਮੋਦਰ ਸਾਵਰਕਰ ‘ਤੇ ਟਿੱਪਣੀ ਨਾਲ ਸੰਬੰਧਤ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾ ਵਿਰੁੱਧ ਦਾਇਰ ਅਪਰਾਧਿਕ ਸ਼ਿਕਾਇਤ ਤੇ ਯੂ ਪੀ ਦੀ ਇੱਕ ਹੇਠਲੀ ਅਦਾਲਤ ਵੱਲੋਂ ਜਾਰੀ ਸੰਮਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੀ ਬੈਂਚ ਨੇ ਕਿਹਾ ਕਿ ਰਾਹੁਲ ਗਾਂਧੀ ‘ਤੇ ਮੁਕੱਦਮਾ ਚਲਾਉਣ ਲਈ ਕਾਨੂੰਨ ਅਧੀਨ ਲੋੜੀਂਦੀ ਲਾਜ਼ਮੀ ਪ੍ਰਵਾਨਗੀ ਪ੍ਰਾਪਤ ਨਹੀਂ ਕੀਤੀ ਗਈ। ਯੂ ਪੀ ਸਰਕਾਰ ਵੱਲੋਂ ਦਾਇਰ ਹਲਫਨਾਮੇ ਦਾ ਨੋਟਿਸ ਲੈਂਦੇ ਹੋਏ, ਬੈਂਚ ਨੇ ਸਪੱਸ਼ਟ ਕੀਤਾ, ”ਹਲਫਨਾਮੇ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਦਾ ਕੋਈ ਜ਼ਿਕਰ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਮੈਜਿਸਟ੍ਰੇਟ ਵੱਲੋਂ ਪਾਸ ਕੀਤੇ ਗਏ ਹੁਕਮਾਂ ਨੂੰ ਰੱਦ ਕੀਤਾ ਜਾਂਦਾ ਹੈ।” ਰਾਹੁਲ ਗਾਂਧੀ ਨੇ 17 ਨਵੰਬਰ, 2022 ਨੂੰ ਆਪਣੀ ‘ਭਾਰਤ ਜੋੜੋ ਯਾਤਰਾ’ ਦੌਰਾਨ ਕਿਹਾ ਸੀ ਕਿ ਸਾਵਰਕਰ ਅੰਗਰੇਜ਼ਾਂ ਦਾ ਸਹਿਯੋਗੀ ਸੀ ਤੇ ਉਸਨੂੰ ਅੰਗਰੇਜ਼ਾਂ ਤੋਂ ਪੈਨਸ਼ਨ ਮਿਲਦੀ ਸੀ।


