ਐੱਸ ਜੀ ਪੀ ਸੀ ਨੂੰ ਨਿੱਜੀ ਚੈਨਲ ਖਿਲਾਫ ਫੌਰੀ ਰਾਹਤ ਨਹੀਂ ਮਿਲੀ

0
8

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦੀ ਉਸ ਪਟੀਸ਼ਨ ‘ਤੇ ਕਿਸੇ ਵੀ ਤਰ੍ਹਾਂ ਦੀ ਫੌਰੀ ਰਾਹਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਵਿੱਚ ਇੱਕ ਨਿੱਜੀ ਚੈਨਲ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਕੀਰਤਨ ਦਾ ਪ੍ਰਸਾਰਨ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।
ਜਸਟਿਸ ਅਨੁਪ ਜੇ ਭੰਭਾਨੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਐੱਸ ਜੀ ਪੀ ਸੀ ਨੇ ਦਲੀਲ ਦਿੱਤੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਨ ਦਾ ਕਾਪੀਰਾਈਟ ਉਸ ਕੋਲ ਹੈ, ਜਿਸ ਨੂੰ ਉਸਦੇ ਆਪਣੇ ਯੂਟਿਊਬ ਚੈਨਲ ਅਤੇ ਇੱਕ ਹੋਰ ਟੀ ਵੀ ਚੈਨਲ ਉੱਤੇ ਸਿੱਧਾ ਪ੍ਰਸਾਰਤ ਕੀਤਾ ਜਾਂਦਾ ਹੈ। ਗਲੈਕਟਿਕ ਟੈਲੀਵਿਜ਼ਨ ਨਾਮਕ ਨਿੱਜੀ ਚੈਨਲ ਉਸਦੇ ਪ੍ਰਸਾਰਨ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਕੁਝ ਸਕਿੰਟਾਂ ਦੀ ਦੇਰੀ ਨਾਲ ਗੁਰਬਾਣੀ ਦਾ ਪ੍ਰਸਾਰ ਕਰ ਰਿਹਾ ਹੈ। ਅਦਾਲਤ ਨੇ ਕਿਹਾ ਕਿ ਗੁਰਬਾਣੀ ਇੱਕ ਸਾਹਿਤਕ ਅਤੇ ਸੰਗੀਤਕ ਰਚਨਾ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਗੀਤਕ ਰੂਪ ਵਿੱਚ ਗਾਇਆ ਜਾਂਦਾ ਹੈ ਅਤੇ ਜੇ ਇਸ ਦੀ ਵਰਤੋਂ ਕਿਸੇ ਨੇਕ ਅਤੇ ਧਾਰਮਕ ਸਮਾਰੋਹ ਵਿੱਚ ਕੀਤੀ ਜਾਂਦੀ ਹੈ ਤਾਂ ਇਹ ਕਾਪੀਰਾਈਟ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਕਾਪੀਰਾਈਟ ਐਕਟ ਦੀ ਧਾਰਾ 52 (1) (ਜ਼ੈੱਡ ਏ) ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਕਿਸੇ ਵੀ ਧਾਰਮਕ ਸਮਾਰੋਹ ਦੌਰਾਨ ਸਾਹਿਤਕ, ਨਾਟਕੀ ਜਾਂ ਸੰਗੀਤਕ ਰਚਨਾ ਦੀ ਪੇਸ਼ਕਾਰੀ ਕਰਨਾ ਕਾਪੀਰਾਈਟ ਦੀ ਉਲੰਘਣਾ ਨਹੀਂ ਹੈ। ਦੂਜੇ ਪਾਸੇ, ਨਿੱਜੀ ਚੈਨਲ ਦੇ ਸੀਨੀਅਰ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਬੌਧਿਕ ਸੰਪਤੀ ਜਾਂ ਕਾਪੀਰਾਈਟ ਦੀ ਕੋਈ ਉਲੰਘਣਾ ਨਹੀਂ ਹੋਈ ਹੈ, ਕਿਉਂਕਿ ਇਸ ਤੋਂ ਕੋਈ ਕਮਾਈ ਜਾਂ ਪੈਸਾ ਨਹੀਂ ਬਣਾਇਆ ਜਾ ਰਿਹਾ ਹੈ। ਅਦਾਲਤ ਨੇ ਨਿੱਜੀ ਚੈਨਲ ਨੂੰ ਐੱਸ ਜੀ ਪੀ ਸੀ ਦੀ ਅਰਜ਼ੀ ਦਾ ਜਵਾਬ ਦਾਖਲ ਕਰਨ ਲਈ ਕਿਹਾ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਤੱਕ ਤੈਅ ਕਰਦਿਆਂ ਨਿੱਜੀ ਚੈਨਲ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ।