ਦੀਨਾਨਗਰ (ਨ ਜ਼ ਸ)
ਮਹਾਨ ਟਰੇਡ ਯੂਨੀਅਨਿਸਟ ਅਤੇ ਸੀ ਪੀ ਆਈ ਦੇ ਸਿਰਮੌਰ ਆਗੂ ਕਾਮਰੇਡ ਸੰਗਤ ਸਿੰਘ ਦੀ ਬਰਸੀ ਉਨ੍ਹਾ ਦੇ ਪਿੰਡ ਆਵਾਂਖਾ ਵਿਖੇ ਮਨਾਈ ਗਈ। ਸੁਖਮਨੀ ਸਾਹਿਬ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸੰਬੋਧਨ ਦੌਰਾਨ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਅਤੇ ‘ਨਵਾਂ ਜ਼ਮਾਨਾ’ ਅਖ਼ਬਾਰ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਗੁਰਦਾਸਪੁਰ ਜ਼ਿਲ੍ਹੇ ਦੇ ਸਕੱਤਰ ਗੁਲਜ਼ਾਰ ਸਿੰਘ ਬਸੰਤ ਕੋਟ ਨੇ ਕਿਹਾ ਕਿ ਇਸ ਮਹਾਨ ਮਨੁੱਖ ਨੇ ਪੁਰਾਣੇ ਜ਼ਮਾਨੇ ਵਿੱਚ ਗਿਆਨੀ ਪਾਸ ਕੀਤੀ, ਪਰ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਨੌਕਰੀ ਨੂੰ ਤਰਜੀਹ ਨਹੀਂ ਦਿੱਤੀ ਅਤੇ ਵੂਲਨ ਮਿੱਲ ਧਾਰੀਵਾਲ ਵਿੱਚ ਕੰਮ ਕਰਨ ਲੱਗ ਪਏ। ਮਿੱਲ ਵਿੱਚ ਮਜ਼ਦੂਰਾਂ ਦੀ ਜਥੇਬੰਦੀ ਏਟਕ ਜਥੇਬੰਦ ਕਰਕੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕੀਤਾ। ਅਖੀਰ ਮਿੱਲ ਮਾਲਕਾਂ ਨੇ ਨੌਕਰੀ ਤੋਂ ਬਾਹਰ ਕੱਢ ਦਿੱਤਾ ਤੇ ਆਪ ਨੇ ਜ਼ਿਲ੍ਹਾ ਪੱਧਰ ‘ਤੇ ਏਟਕ ਜਥੇਬੰਦੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਾੜੀਮੇਘਾ ਨੇ ਕਿਹਾ ਕਿ ਕਾਮਰੇਡ ਸੰਗਤ ਸਿੰਘ ਦੀਨਾਨਗਰ ਵਿਖੇ ਸਰਬ ਭਾਰਤ ਨੌਜਵਾਨ ਸਭਾ ਵਿੱਚ ਸ਼ਾਮਲ ਨੌਜਵਾਨਾਂ ਦੇ ਸਿਧਾਂਤਕ ਕਲਾਸ ਵੀ ਲੈਂਦੇ ਸਨ। ਉਹ ਕਵਿਤਾ ਦੇ ਵੀ ਧਨੀ ਸਨ। ਰਾਜਨੀਤਕ ਗੱਲ ਕਰਦਿਆਂ ਮਾੜੀਮੇਘਾ ਨੇ ਕਿਹਾ ਕਿ ਕੇਂਦਰ ਦੀ ਹਕੂਮਤ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੇ ਅਧਿਕਾਰੀ ਦਾ ਅਧਿਕਾਰ ਖਤਮ ਕਰ ਦਿੱਤਾ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਬੋਰਡ ਵਿੱਚ ਪਹਿਲਾਂ ਪੰਜਾਬ ਕੋਲ ਪਾਵਰ ਦਾ ਮਹਿਕਮਾ ਸੀ। ਪੰਜਾਬ ਦੇ ਦਰਿਆਵਾਂ ਦੇ ਪਾਣੀ ਤੇ ਸਿਰਫ ਪੰਜਾਬ ਦਾ ਹੱਕ ਹੈ, ਪਰ ਕੇਂਦਰ ਸਰਕਾਰ ਪੰਜਾਬ ਦਾ ਪਾਣੀ ਰਾਜਸਥਾਨ, ਹਰਿਆਣਾ, ਦਿੱਲੀ ਤੇ ਜੰਮੂ ਨੂੰ ਦਿੱਤੀ ਜਾ ਰਹੀ ਹੈ। ਪੰਜਾਬ ਨੂੰ ਪਾਣੀ ਸਿਰਫ 3.5 ਐੱਮ ਏ ਐੱਫ ਅਤੇ ਏਨਾ ਹੀ ਹਰਿਆਣਾ ਨੂੰ ਅਤੇ ਰਾਜਸਥਾਨ ਨੂੰ 8.0 ਐੱਮ ਏ ਐੱਫ ਦਿੱਤਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ, ਇਸ ਲਈ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ। ਚੰਡੀਗੜ੍ਹ ਪੰਜਾਬ ਦੀ ਧਰਤੀ ‘ਤੇ ਬਣਿਆ ਹੈ ਤੇ ਇਸ ‘ਤੇ ਵੀ ਪੰਜਾਬ ਦਾ ਹੱਕ ਹੈ। ਖਰੜ ਤਹਿਸੀਲ ਦੇ 38 ਪਿੰਡ ਉਜਾੜ ਕੇ ਚੰਡੀਗੜ੍ਹ ਨੂੰ ਵਸਾ ਕੇ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ, ਇਸ ਲਈ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਹੈ ਤੇ ਪੰਜਾਬ ਨੂੰ ਦਿੱਤਾ ਜਾਵੇ। ਇਸੇ ਤਰ੍ਹਾਂ ਪਾਕਿਸਤਾਨ ਬਾਰਡਰ ਤੋਂ 50 ਕਿਲੋਮੀਟਰ ਅੰਦਰ ਨੂੰ ਸਕਿਉਰਟੀ ਦੇ ਬੀ ਐੱਸ ਐੱਫ ਨੂੰ ਜੋ ਅਧਿਕਾਰ ਦਿੱਤੇ ਹਨ, ਉਹ ਵਾਪਸ ਲਏ ਜਾਣ। ਵੋਟਾਂ ਦੀ ਵਿਸ਼ੇਸ਼ ਸੁਧਾਈ ਦੌਰਾਨ ਹੁਕਮਰਾਨ ਧਿਰ ਨੇ ਵੋਟਾਂ ਦੀ ਸ਼ਨਾਖਤ ਲਈ ਸ਼ਰਤਾਂ ਹੀ ਏਨੀਆਂ ਰੱਖ ਦਿੱਤੀਆਂ ਹਨ, ਜੋ ਸਾਧਾਰਨ ਵਿਅਕਤੀ ਪੂਰੀਆਂ ਹੀ ਨਹੀਂ ਕਰ ਸਕਦਾ। ਇਸ ਪ੍ਰਸਥਿਤੀ ਵਿੱਚ ਪੰਜਾਬ ‘ਚੋਂ ਸੁਧਾਈ ਮੁਹਿੰਮ ਦੌਰਾਨ ਹੁਣ ਤੱਕ 25,0000 ਦੇ ਕਰੀਬ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ।
ਸਰਬ ਭਾਰਤ ਨੌਜਵਾਨ ਸਭਾ ਦੇ ਕੁੱਲ ਹਿੰਦ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਹੇਸਰੀ ਨੇ ਕਿਹਾ ਕਿ ਹਿੰਦੁਸਤਾਨ ਦੀ ਜੁਆਨੀ ਰੁਜ਼ਗਾਰ ਮੰਗ ਰਹੀ ਹੈ, ਪਰ ਕੇਂਦਰ ਦੀ ਹਕੂਮਤ ਜਵਾਨੀ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ‘ਤੇ ਜਬਰ ਢਾਹ ਰਹੀ ਹੈ। ਕੇਂਦਰ ਹਕੂਮਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕਰੇ। ਮਹੇਸਰੀ ਨੇ ਕਿਹਾ ਕਿ ਹਿੰਦੁਸਤਾਨ ਦੇ ਹਰੇਕ ਬੱਚੇ ਨੂੰ ਵਿਦਿਆ ਮੁਫ਼ਤ ਤੇ ਲਾਜ਼ਮੀ ਦਿੱਤੀ ਜਾਵੇ। ਇਸੇ ਤਰ੍ਹਾਂ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣ। ਸਿਹਤ ਦਾ ਇਲਾਜ ਏਨਾ ਜ਼ਿਆਦਾ ਮਹਿੰਗਾ ਹੋ ਗਿਆ ਹੈ ਕਿ ਗਰੀਬ ਤਾਂ ਇਲਾਜ ਕਰਾਉਣ ਤੋਂ ਹੀ ਅਸਮਰਥ ਹੈ, ਇਸ ਲਈ ਹਰੇਕ ਮਨੁੱਖ ਨੂੰ ਸਿਹਤ ਇਲਾਜ ਮੁਫ਼ਤ ਮਿਲਣਾ ਚਾਹੀਦਾ ਹੈ। ਮਹੇਸਰੀ ਨੇ ਕਿਹਾ ਕਿ ਭਗਤ ਸਿੰਘ ਦਾ ਜਨਮ ਦਿਹਾੜਾ ਪੰਜਾਬ ਪੱਧਰ ‘ਤੇ ਹੁੰਮ-ਹੁਮਾ ਕੇ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ, ਇਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇ। ਸਮਾਗਮ ਨੂੰ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਤੇ ਸੀ ਪੀ ਆਈ ਬਲਾਕ ਦੀਨਾਨਗਰ ਦੇ ਸਕੱਤਰ ਬਲਬੀਰ ਸਿੰਘ ਕੱਤੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਫਾਸ਼ੀਵਾਦੀ ਨੀਤੀ ਨੇ ਲੋਕਾਂ ਦੀ ਜ਼ਬਾਨ ਬੰਦ ਕੀਤੀ ਹੋਈ ਹੈ। ਜਿਹੜਾ ਵੀ ਕੋਈ ਸਰਕਾਰ ਵਿਰੁੱਧ ਬੋਲਦਾ ਜਾਂ ਲਿਖਦਾ ਹੈ, ਉਸ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਜਾਂਦਾ।ਕਈ ਬੁੱਧੀਜੀਵੀ, ਪੱਤਰਕਾਰ ਤੇ ਚੈਨਲਾਂ ਦੇ ਕਰਤਿਆਂ ਨੂੰ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਉਨ੍ਹਾਂ ਨੂੰ ਫੌਰੀ ਤੌਰ ‘ਤੇ ਰਿਹਾਅ ਕਰਨਾ ਚਾਹੀਦਾ ਹੈ।ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਬਲਬੀਰ ਸਿੰਘ ਰੰਧਾਵਾ, ਸੁਭਾਸ਼ ਕੈਰੇ, ਹਰਚਰਨ ਸਿੰਘ ਔਜਲਾ, ਸੁਰਜੀਤ ਸਿੰਘ ਆਵਾਂਖਾ, ਜਗਜੀਤ ਸਿੰਘ ਅਲੂਣਾ, ਅਮਨਦੀਪ ਸਿੰਘ ਗੋਲਡੀ ਔਜਲਾ, ਬਲਵਿੰਦਰ ਸਿੰਘ ਉਦੀਪੁਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਬਲਬੀਰ ਸਿੰਘ ਮੱਲ੍ਹੀ, ਸਾਬਕਾ ਸਰਪੰਚ ਆਵਾਂਖਾ ਸ਼ਾਮ ਲਾਲ ਨੇ ਵੀ ਸੰਬੋਧਨ ਕੀਤਾ। ਕਾਮਰੇਡ ਸੰਗਤ ਸਿੰਘ ਦੇ ਲੜਕੇ ਸੁਖਦੇਵ ਸਿੰਘ ਕਾਹਲੋਂ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਪਰਵਾਰ ਵੱਲੋਂ ਲੰਗਰ ਦੀ ਭਰਪੂਰ ਸੇਵਾ ਕੀਤੀ ਗਈ।





