ਫਿਰੌਤੀ ਲਈ ਫਾਇਰਿੰਗ ਕਰਨ ਵਾਲੇ ਚਾਰ ਗ੍ਰਿਫਤਾਰ

0
11

ਮੁਹਾਲੀ (ਗੁਰਜੀਤ ਬਿੱਲਾ)
ਪੁਲਸ ਨੇ ਘਰਾਂ ਅਤੇ ਕੋਠੀਆਂ ‘ਤੇ ਫਾਇਰਿੰਗ ਕਰਕੇ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਚਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ ਐੱਸ ਪੀ ਵਰੁਣ ਸ਼ਰਮਾ ਮੁਤਾਬਕ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰ ਕੁਲਵੀਰ ਸਿੰਘ ਸਿੱਧੂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਪਿਸਤੌਲ, 12 ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੀ ਗਈ ਟੈਂਪਰਰੀ ਨੰਬਰ ਵਾਲੀ ਫਾਰਚੂਨਰ ਬਰਾਮਦ ਕੀਤੀ ਗਈ ਹੈ। 4-5 ਸਤੰਬਰ ਦੀ ਰਾਤ ਨੂੰ ਫੇਜ਼-10 ਦੇ ਰਹਿਣ ਵਾਲੇ ਸੰਯਮ ਜੁਡੇਜਾ ਦੇ ਘਰ ‘ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ ਸੀ। ਇਸ ਤੋਂ ਪਹਿਲਾਂ ਕੁਲਵੀਰ ਸਿੰਘ ਸਿੱਧੂ ਨੇ ਕਥਿਤ ਤੌਰ ‘ਤੇ ਸੰਯਮ ਜੁਡੇਜਾ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। 7 ਸਤੰਬਰ ਨੂੰ ਸੰਯਮ ਜੁਡੇਜਾ ਦੇ ਭਾਈਵਾਲ (ਪਾਰਟਨਰ) ਬਲਜੀਤ ਸਿੰਘ ਦੇ ਫੇਜ਼-10 ਸਥਿਤ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇੱਥੇ ਵੀ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਗੱਲ ਸਾਹਮਣੇ ਆਈ ਹੈ। 14 ਸਤੰਬਰ ਨੂੰ ਸੈਕਟਰ-104 ਸਥਿਤ ਜਗਦੀਪ ਸਿੰਘ ਮਾਨ ਦੀ ਕੋਠੀ ‘ਤੇ ਵੀ ਫਾਇਰਿੰਗ ਦੌਰਾਨ ਘਰ ‘ਚ ਕੰਮ ਕਰਨ ਵਾਲਾ ਸਚਿਨ ਨਾਂਅ ਦਾ ਕਰਮਚਾਰੀ ਜ਼ਖ਼ਮੀ ਹੋ ਗਿਆ ਸੀ। ਇੱਥੇ ਵੀ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਗੱਲ ਸਾਹਮਣੇ ਆਈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਸਿੰਘ (23), ਪ੍ਰਵੀਨ ਕੁਮਾਰ ਉਰਫ ਕਾਲੂ (23), ਜਸਮਨਦੀਪ ਸਿੰਘ (20) ਅਤੇ ਦੁਸ਼ਯੰਤ ਸ਼ਰਮਾ ਉਰਫ ਸ਼ੰਮੀ (27) ਵਜੋਂ ਹੋਈ ਹੈ। ਜਸਮਨਦੀਪ ਸਿੰਘ ਰੇਕੀ ਕਰਦਾ ਸੀ, ਜਦਕਿ ਦੁਸ਼ਯੰਤ ਹਥਿਆਰਾਂ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਸਾਂਭਣ ਦਾ ਕੰਮ ਕਰਦਾ ਸੀ। ਆਕਾਸ਼ਦੀਪ, ਪ੍ਰਵੀਨ ਅਤੇ ਸਿਮਰਦੀਪ ਸਿੰਘ ਉਰਫ ਜਸ਼ਨ ਫਾਇਰਿੰਗ ਕਰਦੇ ਸਨ। ਸਿਮਰਦੀਪ ਦੀ ਗ੍ਰਿਫਤਾਰੀ ਅਜੇ ਬਾਕੀ ਹੈ।