‘ਆਪ’ ਵੱਲੋਂ ਨਸ਼ੇ ਦੇ ਮੁੱਦੇ ‘ਤੇ ਭਾਜਪਾ ਨੂੰ ਨੰਗਾ ਕਰਨ ਦਾ ਫੈਸਲਾ

0
6

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਦੀ ਨਵੀਂ ਚੁਣੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ ਏ ਸੀ) ਦੀ ਪਲੇਠੀ ਮੀਟਿੰਗ ਵੀਰਵਾਰ ਨਵੀਂ ਦਿੱਲੀ ਵਿਖੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਸ਼ਮੂਲੀਅਤ ਕੀਤੀ। ਹਾਲਾਂਕਿ ਇਸ ਮੀਟਿੰਗ ‘ਚ ਪੰਜਾਬ, ਗੁਜਰਾਤ ਅਤੇ ਗੋਆ ਚੋਣਾਂ ਦੀ ਚਰਚਾ ਹੋਈ, ਪ੍ਰੰਤੂ ਪੰਜਾਬ ਚੋਣਾਂ ਦੀ ਮੁੱਖ ਤੌਰ ‘ਤੇ ਗੂੰਜ ਪਈ। ‘ਆਪ’ ਸਰਕਾਰ ਦੀ ਪੰਜਾਬ ਵਿੱਚ ਵਾਪਸੀ ਲਈ ਰਣਨੀਤੀ ਬਾਰੇ ਮੀਟਿੰਗ ‘ਚ ਵਿਚਾਰ-ਵਟਾਂਦਰਾ ਹੋਇਆ।
ਮਾਨ ਮੀਟਿੰਗ ਮਗਰੋਂ ਪੰਜਾਬ ਪਰਤ ਆਏ ਹਨ। ਮੀਟਿੰਗ ‘ਚ ਹੀ ਹਲਕਾ ਸਮਾਣਾ ਅਤੇ ਹਲਕਾ ਸ਼ਾਹਕੋਟ ਦੇ ਨਵੇਂ ਹਲਕਾ ਇੰਚਾਰਜਾਂ ਦਾ ਫੈਸਲਾ ਲਿਆ ਗਿਆ ਅਤੇ ਬਾਕੀ ਹਲਕਿਆਂ ਬਾਰੇ ਵੀ ਚਰਚਾ ਹੋਈ। ਮੀਟਿੰਗ ‘ਚ ਇਹ ਤੈਅ ਹੋਇਆ ਕਿ ਮੁੱਢਲੇ ਪੜਾਅ ‘ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪੁੱਜਦਾ ਕਰਨ ‘ਤੇ ਜ਼ੋਰ ਦਿੱਤਾ ਜਾਵੇ। ਇਸ ਦੌਰਾਨ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ‘ਤੇ ਵੀ ਚਰਚਾ ਹੋਈ। ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਭਾਜਪਾ ਦੀ ਨਸ਼ਿਆਂ ਨੂੰ ਲੈ ਕੇ ਪਹੁੰਚ ਦੀ ਅਸਲੀਅਤ ਨੂੰ ਲੋਕਾਂ ਤੱਕ ਲਿਜਾਇਆ ਜਾਵੇ।
ਮੀਟਿੰਗ ਦੌਰਾਨ ਭਾਜਪਾ ਨੂੰ ਨਸ਼ਿਆਂ ਦੇ ਮੁੱਦੇ ‘ਤੇ ਬੇਨਕਾਬ ਕਰਨ ਲਈ ਇੱਕ ਪੈਂਫਲਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਪੈਂਫਲਟ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੌਮਾਂਤਰੀ ਸਰਹੱਦ ਦੇ ਪੰਜਾਹ ਕਿੱਲੋਮੀਟਰ ਦਾ ਦਾਇਰਾ ਬੀ ਐੱਸ ਐੱਫ ਕੋਲ ਹੈ, ਜਿੱਥੋਂ ਨਸ਼ੇ ਡਰੋਨਾਂ ਰਾਹੀਂ ਆ ਰਹੇ ਹਨ। ਇਸ ਤੋਂ ਇਲਾਵਾ ਗੁਜਰਾਤ ਵਿੱਚੋਂ ਨਸ਼ੇ ਪੰਜਾਬ ਪੁੱਜ ਰਹੇ ਹਨ। ਮੀਟਿੰਗ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਜਵਾਬ ਦੇਣ ਬਾਰੇ ਵੀ ਚਰਚਾ ਹੋਈ।
ਰਾਜਸਥਾਨ ਦੀਆਂ ਸਥਾਨਕ ਚੋਣਾਂ ਵਿੱਚ ਬਾਰਾਂ ‘ਚ ਮਿਲੀ ਜਿੱਤ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਲੋਕਾਂ ਦਾ ਧੰਨਵਾਦ ਕਰਨ ਲਈ ਰਾਜਸਥਾਨ ਜਾਣਗੇ। ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਸਰਕਾਰ ਨੂੰ ਮੁੜ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ। ਲੋਕ ਇਸ ਗੱਲੋਂ ਜਾਣੂ ਹਨ ਕਿ ਜੇ ਕੋਈ ਦੂਸਰੀ ਪਾਰਟੀ ਆਵੇਗੀ ਤਾਂ ਮੁੜ ਨਸ਼ਿਆਂ ਦੀ ਅਲਾਮਤ ਸਿਰ ਚੁੱਕ ਲਵੇਗੀ।
ਕਮੇਟੀ ਦੀ ਮੀਟਿੰਗ ਵਿੱਚ ਯੂ ਪੀ ਆਈ ਬਾਰੇ ਚਰਚਾ ਹੋਈ ਕਿ ਟਰੰਪ ਦੇ ਦਬਾਅ ਹੇਠ ਇਹ ਕਦਮ ਚੁੱਕਿਆ ਗਿਆ ਹੈ ਅਤੇ ਲੋਕ ਇਸ ਫੈਸਲੇ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਹੀ ਪੈਸੇ ਖਰਚਣ ਲਈ ਵਾਧੂ ਫੀਸਾਂ ਦੇਣੀਆਂ ਪੈਣਗੀਆਂ। ਕਮੇਟੀ ਵਿੱਚ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਕਿ ਦਿੱਲੀ ਦੀ ਸੱਤਾ ਹਾਸਲ ਕਰਨ ਲਈ ਭਾਜਪਾ ਵੱਲੋਂ ਚੋਣ ਕਮਿਸ਼ਨ ਨਾਲ ਮਿਲ ਕੇ ਫਰਜ਼ੀ ਤਰੀਕੇ ਨਾਲ ਵੋਟਾਂ ਕੱਟ ਕੇ ਧਾਂਦਲੀ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਚਰਚਾ ਹੋਈ ਕਿ ਹੁਣ ਗੋਆ ਅਤੇ ਗੁਜਰਾਤ ਦੇ ਲੋਕ ਵੀ ਬਦਲਾਅ ਦੀ ਤਲਾਸ਼ ਵਿੱਚ ਹਨ। ਮੀਟਿੰਗ ਵਿੱਚ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਆਤਿਸ਼ੀ, ਸੌਰਵ ਭਾਰਦਵਾਜ ਅਤੇ ਰਾਜਬੀਰ ਸਿੰਘ ਘੁੰਮਣ ਆਦਿ ਸ਼ਾਮਲ ਸਨ।