ਤਲਵੰਡੀ ਸਾਬੋ/ਬਠਿੰਡਾ/ਰਾਮਪੁਰਾ ਫੂਲ
(ਜਗਦੀਪ ਗਿੱਲ, ਬਖਤੌਰ ਢਿੱਲੋਂ, ਪਰਵਿੰਦਰਜੀਤ ਸਿੰਘ, ਦਰਸ਼ਨ ਜਿੰਦਲ)
ਟੀਚਰਜ਼ ਹੋਮ ਬਠਿੰਡਾ ਵਿਖੇ ਚੌਥੀ ਜਿੱਤ ਦਰਜ ਕਰਨ ਲਈ ਸੈਨੇਟ ਦੀ ਚੋਣ ਲੜ ਰਹੇ ਨਰੇਸ਼ ਗੌੜ ਦੇ ਸਮਰਥਨ ਲਈ ਇੱਕ ਭਰਵੀਂ ਮੀਟਿੰਗ ਡਾ. ਗੁਰਪ੍ਰੀਤ ਸਿੰਘ ਬਾਠ ਅਤੇ ਬੈਂਕਾਂ ਦੇ ਆਗੂ ਨਰਿੰਦਰ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਗੌੜ ਨੇ ਆਪਣੀਆਂ ਜੇਤੂ ਤਿੰਨ ਟਰਮਾਂ ਦੀ ਰਿਪੋਰਟ ਕਾਰਡ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਭਾਵੇਂ ਵੱਡੇ ਸਾਂਝੇ ਸੰਘਰਸ਼ਾਂ ਨੇ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਬਦਲਣ ਦੀ ਕੇਂਦਰ ਸਰਕਾਰ ਦੀ ਸਾਜ਼ਿਸ਼ ਨੂੰ ਇੱਕ ਵਾਰ ਤਾਂ ਅਸਫਲ ਕਰ ਦਿੱਤਾ ਹੈ, ਪ੍ਰੰਤੂ ਅਵੇਸਲੇ ਹੋਣਾ ਖਤਰਨਾਕ ਹੋਵੇਗਾ। ਕੇਂਦਰ ਸਰਕਾਰ ਕਿਸੇ ਸਮੇਂ ਵੀ ਯੂਨੀਵਰਸਿਟੀ ਪੰਜਾਬ ਤੋਂ ਖੋਹ ਸਕਦੀ ਹੈ। ਸਾਥੀ ਗੌੜ ਨੇ ਅੰਤ ਵਿੱਚ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਤੇ ਵਿਗਿਆਨਿਕ ਵਿਦਿਆ ਦੇ ਕਾਜ ਨੂੰ ਸਮਰਪਤ ਉਮੀਦਵਾਰਾਂ ਨੂੰ ਜਿਤਾ ਕੇ ਸੈਨੇਟ ਵਿੱਚ ਭੇਜਣਾ ਚਾਹੀਦਾ ਹੈ। ਮੀਟਿੰਗ ਵਿੱਚ ਬੋਲਦੇ ਹੋਏ ਐੱਸ ਬੀ ਆਈ ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਨਰ ਕੇਸਰ ਰਾਏ ਨੇ ਸਾਥੀ ਗੌੜ ਦੀ ਸਮੁੱਚੀ ਚੋਣ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਧ ਸਮਰਥਨ ਮਿਲ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਥੀ ਗੌੜ ਸ਼ਾਨਦਾਰ ਜਿੱਤ ਦਰਜ ਕਰਨਗੇ।
ਬਠਿੰਡਾ, ਮਾਨਸਾ ਜ਼ਿਲਿਆਂ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਮੀਟਿੰਗ ਵਿੱਚ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਇਤਿਹਾਸਿਕ ਵਿਰਾਸਤ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਖੋਹਣ ਦੀਆਂ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਰੋਕਣ ਲਈ ਅਤੇ ਦੇਸ਼ ਦੀ ਇੱਕੋ-ਇੱਕ ਯੂਨੀਵਰਸਿਟੀ ਅੰਦਰ ਸੈਨੇਟ ਵਰਗਾ ਲੋਕਤੰਤਰੀ ਢਾਂਚਾ ਬਣਾਈ ਰੱਖਣ ਲਈ ਸਾਥੀ ਨਰੇਸ਼ ਗੌੜ ਵਰਗੇ ਮਜ਼ਬੂਤ ਅਤੇ ਪੰਜਾਬ ਪੱਖੀ ਉਮੀਦਵਾਰ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ। ਅਰਸ਼ੀ ਨੇ ਦੱਸਿਆ ਕਿ ਦੋਵਾਂ ਜ਼ਿਲ੍ਹਿਆਂ ਨੂੰ ਦਰਜਨਾਂ ਸੈਕਟਰਾਂ ਵਿੱਚ ਵੰਡ ਕੇ ਜ਼ਿੰਮੇਵਾਰ ਸਾਥੀਆਂ ਨੂੰ ਕਮਾਨ ਸੰਭਾਲ ਦਿੱਤੀ ਹੈ, ਤਾਂ ਜੋ ਵੋਟਰਾਂ ਤੱਕ ਨਿੱਜੀ ਸੰਪਰਕ ਬਣਾ ਸਕਣ। ਵੋਟਰਾਂ ਦਾ ਜਿਸ ਤਰ੍ਹਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਦੋਵਾਂ ਜ਼ਿਲ੍ਹਿਆਂ ਵਿੱਚੋਂ ਸਾਥੀ ਗੌੜ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨਗੇ। 20 ਸਤੰਬਰ ਲਈ ਪੋਲਿੰਗ ਬੂਥ ਦਾ ਸੁਚੱਜਾ ਪ੍ਰਬੰਧ ਕਰਨ ਲਈ ਟੀਮ ਨਿਯੁਕਤ ਕਰ ਦਿੱਤੀ ਹੈ।ਮੀਟਿੰਗ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਪ੍ਰੋਫੈਸਰ ਅਸ਼ੋਕ ਸਿੰਘ ਮਿੱਤਲ, ਬੈਂਕਾਂ ਦੇ ਆਗੂ ਪਵਨ ਕੁਮਾਰ ਜਿੰਦਲ ਤੇ ਬਸੰਤ ਸਿੰਘ ਅਗਰੋਈਆ ਨੇ ਵੀ ਸੰਬੋਧਨ ਕੀਤਾ।





