ਲਿਜ਼ ਟਰੱਸ ਡੇਢ ਮਹੀਨਾ ਹੀ ਕੱਢ ਸਕੀ

0
246

ਲੰਡਨ : ਭਾਰੀ ਦਬਾਅ ਝੱਲ ਰਹੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਵੀਰਵਾਰ ਅਸਤੀਫੇ ਦਾ ਐਲਾਨ ਕਰ ਦਿੱਤਾ। ਹਾਲਾਂਕਿ, ਉਹ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਪ੍ਰਧਾਨ ਮੰਤਰੀ ਰਹੇਗੀ। ਹੁਕਮਰਾਨ ਕੰਜ਼ਰਵੇਟਿਵ ਪਾਰਟੀ ਦੀ ਸਪੈਸ਼ਲ ਰੂਲ ਕਮੇਟੀ 1922 ਦੇ ਚੇਅਰਮੈਨ ਸਰ ਗ੍ਰਾਹਮ ਬਰੈਡੀ ਨੇ ਮੁਲਾਕਾਤ ਕਰਕੇ ਟਰੱਸ ਨੂੰ ਦੱਸਿਆ ਸੀ ਕਿ ਪਾਰਟੀ ਹੁਣ ਉਸ ਨੂੰ ਆਗੂ ਵਜੋਂ ਨਹੀਂ ਦੇਖਦੀ। ਟਰੱਸ ਸਿਰਫ 45 ਦਿਨ ਹੀ ਪ੍ਰਧਾਨ ਮੰਤਰੀ ਰਹੀ। ਕਿਸੇ ਵੀ ਬਰਤਾਨਵੀ ਪ੍ਰਧਾਨ ਮੰਤਰੀ ਦਾ ਇਹ ਸਭ ਤੋਂ ਛੋਟਾ ਕਾਰਜਕਾਲ ਰਿਹਾ। ਇਸ ਤੋਂ ਪਹਿਲਾਂ 1827 ਵਿਚ ਜਾਰਜ ਕੇਨਿੰਗ 119 ਦਿਨ ਪ੍ਰਧਾਨ ਮੰਤਰੀ ਰਹੇ ਸਨ। ਇਸ ਤੋਂ ਪਹਿਲਾਂ ਅੰਦਰੂਨੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਬੁੱਧਵਾਰ ਅਸਤੀਫਾ ਦੇ ਦਿੱਤਾ ਸੀ। ਕੁਝ ਦਿਨ ਪਹਿਲਾਂ ਵਿੱਤ ਮੰਤਰੀ ਕਵਾਸੀ ਛੱਡ ਗਏ ਸਨ।
ਟਰੱਸ ਨੇ ਸਰਕਾਰੀ ਆਵਾਸ ਦੇ ਬਾਹਰ ਮੀਡੀਆ ਨੂੰ ਕਿਹਾਮੈਂ ਜਿਨ੍ਹਾਂ ਵਾਅਦਿਆਂ ਨਾਲ ਸੱਤਾ ਵਿਚ ਆਈ ਸੀ, ਉਨ੍ਹਾਂ ਨੂੰ ਪੂਰੇ ਨਹੀਂ ਕਰ ਸਕੀ, ਇਸ ਦਾ ਅਫਸੋਸ ਹੈ। ਇਸੇ ਟਰੱਸ ਨੇ ਸੋਮਵਾਰ ਕਿਹਾ ਸੀਮੈਂ ਹਾਰ ਮੰਨਣ ਵਾਲੀ ਨਹੀਂ, ਲੜਨ ਵਾਲੀ ਹਾਂ।
ਟਰੱਸ ਦੇ ਫੈਸਲਿਆਂ ਨਾਲ ਬਾਜ਼ਾਰ ਤਬਾਹ ਹੋ ਗਿਆ। ਪੌਂਡ ਧੜੱਮ ਕਰਕੇ ਡਿੱਗਿਆ। ਉਹ ਅਮੀਰਾਂ ਦੇ ਟੈਕਸ ਘਟਾਉਣਾ ਚਾਹੁੰਦੀ ਸੀ। ਇਸ ਨਾਲ ਅਰਥਚਾਰਾ ਹੋਰ ਵਿਗੜਨਾ ਸੀ। ਇਸ ਨੂੰ ਦੇਖਦਿਆਂ ਪਾਰਟੀ ਨੇ ਉਸ ਨੂੰ ਲਾਂਭੇ ਕਰਨ ਦਾ ਫੈਸਲਾ ਕੀਤਾ। ਅਗਲੀਆਂ ਆਮ ਚੋਣਾਂ 2025 ਵਿਚ ਹਨ। ਡਿਗਦੀ ਸਾਖ ਨੂੰ ਦੇਖਦਿਆਂ ਕੰਜ਼ਰਵੇਟਿਵ ਪਾਰਟੀ ਮੱਧਕਾਲੀ ਚੋਣਾਂ ਦਾ ਵੀ ਫੈਸਲਾ ਕਰ ਸਕਦੀ ਹੈ।

LEAVE A REPLY

Please enter your comment!
Please enter your name here