ਬੀਜਿੰਗ : ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ ਪੀ ਸੀ) ਦੀ ਜਨਰਲ ਕਨਵੈਨਸ਼ਨ ਨਾਟਕੀ ਢੰਗ ਨਾਲ ਸਮਾਪਤ ਹੋ ਗਈ ਅਤੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਮੀਡੀਆ ਦੇ ਸਾਹਮਣੇ ਮੰਚ ਤੋਂ ਜਬਰਦਸਤੀ ਹਟਾ ਦਿੱਤਾ ਗਿਆ। 79 ਸਾਲਾ ਜਿਨਤਾਓ ਰਾਸ਼ਟਰਪਤੀ ਜਿਨਪਿੰਗ ਅਤੇ ਹੋਰ ਉੱਚ ਨੇਤਾਵਾਂ ਦੇ ਨਾਲ ਗ੍ਰੇਟ ਹਾਲ ਆਫ ਪੀਪਲ (ਸੰਸਦ ਭਵਨ) ’ਚ ਪਹਿਲੀ ਕਤਾਰ ਵਿੱਚ ਬੈਠੇ ਸਨ, ਜਦੋਂ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਮੀਟਿੰਗ ਛੱਡਣ ਲਈ ਕਿਹਾ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਸੁਰੱਖਿਆ ਕਰਮਚਾਰੀ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸਥਾਨਕ ਅਤੇ ਵਿਦੇਸ਼ੀ ਮੀਡੀਆ ਨੂੰ 2,296 ਡੈਲੀਗੇਟਾਂ ਵਾਲੀ ਮੀਟਿੰਗ ਨੂੰ ਕਵਰ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸ ਘਟਨਾ ਦਾ ਕਰੀਬ ਇਕ ਮਿੰਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ’ਚ ਜਿਨਤਾਓ ਬਾਹਰ ਕੱਢਣ ਕਾਰਨ ਸੁਰੱਖਿਆ ਕਰਮਚਾਰੀਆਂ ਨਾਲ ਵਿਰੋਧ ਕਰਦੇ ਹੋਏ ਦੇਖਿਆ ਜਾ ਰਿਹਾ ਹੈ। ਜਿਨਤਾਓ ਨੇ ਆਪਣਾ 10 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ 2010 ’ਚ ਸ਼ਾਂਤੀਪੂਰਵਕ ਸੱਤਾ ਦਾ ਤਬਾਦਲਾ ਕੀਤਾ। ਹੂ ਜਿਨਤਾਓ ਕਮਿਊਨਿਸਟ ਪਾਰਟੀ ਆਫ਼ ਚਾਇਨਾ ਦੇ ਸੀਨੀਅਰ ਲੀਡਰ ਹਨ। ਸ਼ੀ ਜਿਨਪਿੰਗ ਦੇ 2013 ’ਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜਿਨਤਾਓ ਦਸ ਸਾਲ ਤੱਕ ਚੀਨ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਉਹ 15 ਮਾਰਚ 2003 ਤੋਂ 14 ਮਾਰਚ 2013 ਤੱਕ ਅਹੁਦੇ ’ਤੇ ਰਹੇ। ਉਨ੍ਹਾ ਸੰਵਿਧਾਨ ਮੁਤਾਬਕ ਦੋ ਕਾਰਜਕਾਲ ਪੂਰੇ ਹੋਣ ਤੋਂ ਬਾਅਦ ਅਹੁਦਾ ਛੱਡ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਲਗਾਤਾਰ ਕਮਿਊਨਿਸਟ ਪਾਰਟੀ ਦੀਆਂ ਮੀਟਿੰਗਾਂ ’ਚ ਸ਼ਾਮਲ ਹੁੰਦੇ ਰਹੇ। ਇਸ ਦੇ ਨਾਲ ਹੀ ਜਿਨਪਿੰਗ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੋਕਿਯਾਂਗ ਨੂੰ ਵੀ ਪਾਰਟੀ ਲੀਡਰਸ਼ਿਪ ਤੋਂ ਹਟਾ ਦਿੱਤਾ ਹੈ। ਉਨ੍ਹਾ ਨਾਲ ਤਿੰਨ ਹੋਰ ਉੱਚ ਅਧਿਕਾਰੀਆਂ ਨੂੰ ਹਟਾਇਆ ਗਿਆ ਹੈ। ਇਹ ਇਹ ਚਾਰੇ ਨੇਤਾ ਦੁਬਾਰਾ ਪੋਲਿਟ ਬਿਊਰੋ ਮੈਂਬਰ ਨਿਯੁਕਤ ਨਹੀਂ ਕੀਤੇ ਜਾ ਸਕਦੇ। ਇਨ੍ਹਾਂ ਦੀ ਜਗ੍ਹਾ ਜੋ ਨਾਂਅ ਚਰਚਾ ’ਚ ਹਨ, ਉਹ ਹਨ ਡਿੰਗ ਜੂਏਕਸਿਯਾਂਗ, ਚੇਨ ਮਿਨੇਰੋ, ਲੀ ਕਿਯਾਂਗ ਅਤੇ ਹੂ ਚੂਨਹੂਆ। ਇਹ ਚਾਰੇ ਹੀ ਕਮਿਊਨਿਸਟ ਪਾਰਟੀ ਦੇ ਲੀਡਰ ਹਨ। ਕਮਿਊਨਿਸਟ ਪਾਰਟੀ ਆਫ਼ ਚਾਇਨਾ ਮਤਲਬ ਸੀ ਸੀ ਪੀ ਦੀ ਮੀਟਿੰਗ ਦੇ ਆਖਰੀ ਦਿਨ ਸ਼ਨੀਵਾਰ ਨੂੰ ਇਹ ਫੈਸਲਾ ਕੀਤਾ ਗਿਆ। ਸ਼ੀ ਨੇ ਸ਼ਿੰਗਾਈ ਪਾਰਟੀ ਦੇ ਪ੍ਰਮੁੱਖ ਹਾਨ ਝੇਂਗ, ਪਾਰਟੀ ਐਡਵਾਈਜ਼ਰ ਹੈੱਡ ਵਾਂਗ ਯਾਂਗ ਅਤੇ ਨੈਸ਼ਨਲ ਪੀਪਲਜ਼ ਕਾਂਗਰਸ ਦੇ ਪ੍ਰਮੁੱਖ ਲੀ ਝਾਂਸ਼ੂ ਨੂੰ ਵੀ ਪਾਰਟੀ ਲੀਡਰਸ਼ਿਪ ਤੋਂ ਹਟਾ ਦਿੱਤਾ। ਲੀ ਝਾਂਸ਼ੂ ਨੂੰ ਜਿਨਪਿੰਗ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਸ਼ੀ ਨੇ ਬੀਜਿੰਗ ਦੇ ਗ੍ਰੇਟ ਹਾਲ ਆਫ਼ ਦਿ ਪੀਪਲਜ਼ ’ਚ ਸਭਾ ਦੇ ਆਖਰੀ ਦਿਨ ਆਪਣੇ ਭਾਸ਼ਣ ’ਚ ਪਾਰਟੀ ਦੇ ਵਫ਼ਾਦਾਰ ਲੋਕਾਂ ਨੂੰ ਕਿਹਾ, ‘ਸੰਘਰਸ਼ ਕਰਨ ਦੀ ਹਿੰਮਤ ਕਰੋ, ਜਿੱਤਣ ਦੀ ਹਿੰਮਤ ਕਰੋ ਅਤੇ ਸਖ਼ਤ ਮਿਹਨਤ ਕਰੋ। ਅੱਗੇ ਵਧਣ ਲਈ ਦਿ੍ਰੜ੍ਹ ਸੰਕਲਪ ਰੱਖੋ। 16 ਅਕਤੂਬਰ ਨੂੰ ਸ਼ੁਰੂ ਹੋਈ ਕਮਿਊਨਿਸਟ ਪਾਰਟੀ ਆਫ਼ ਚਾਇਨਾ (ਸੀ ਸੀ ਪੀ) ਦੀ ਮੀਟਿੰਗ ਦੇ ਆਖਰੀ ਦਿਨ ਸ਼ਨੀਵਾਰ ਨੂੰ ਇਸ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰ ਨਵੀਂ ਸੈਂਟਰਲ ਕਮੇਟੀ ਲਈ ਵੋਟਿੰਗ ਕਰਦੇ ਹਨ। ਇਹ ਕਮੇਟੀ ਪੋਲਿਟ ਬਿਊਰੋ ਮੈਂਬਰਾਂ ਦੀ ਚੋਣ ਕਰਦੀ ਹੈ। ਕਾਂਗਰਸ ਦੇ ਬਾਅਦ ਸੈਂਟਰਲ ਕਮੇਟੀ ਦੀ ਮੀਟਿੰਗ ਹੁੰਦੀ ਹੈ। ਇਸ ’ਚ ਪੋਲਿਟ ਬਿਊਰੋ ਅਤੇ ਸਟੈਂਡਿੰਗ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਹਨ। ਇਸ ’ਚੋਂ 4 ਉੱਚ ਆਗੂਆਂ ਨੂੰ ਹਟਾ ਦਿੱਤਾ ਗਿਆ।



