ਫਿਰੋਜ਼ਪੁਰ (ਅਸ਼ੋਕ ਸ਼ਰਮਾ)-ਇਥੋਂ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਾ ਅਤੇ ਮੋਬਾਈਲ ਫ਼ੋਨ ਸਪਲਾਈ ਕਰਨ ਦੇ ਦੋਸ਼ ਹੇਠ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਸ ਵਿਰੁੱਧ ਥਾਣਾ ਸਿਟੀ ਵਿਚ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਕੇਂਦਰੀ ਜੇਲ੍ਹ ਅੰਦਰ ਤਾਇਨਾਤ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਆਪਣੇ ਜੇਲ੍ਹ ਸਟਾਫ ਨਾਲ ਮਿਲ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਵੱਡੇ ਪੱਧਰ ‘ਤੇ ਨਸ਼ਾ ਅਤੇ ਮੋਬਾਈਲ ਫੋਨ ਮੁਹੱਈਆ ਕਰਵਾਉਂਦਾ ਹੈ | ਉਹ ਬਾਹਰੋਂ ਨਸ਼ਾ ਤਸਕਰਾਂ ਤੋਂ ਨਸ਼ਾ ਲੈ ਕੇ ਖੁਦ ਜੇਲ੍ਹ ਅੰਦਰ ਸਪਲਾਈ ਕਰਦਾ ਹੈ | ਮੁਖਬਰ ਨੇ ਪੁਲਸ ਨੂੰ ਦੋ ਮੋਬਾਈਲ ਨੰਬਰ ਵੀ ਦੱਸੇ, ਜੋ ਉਸ ਵਕਤ ਜੇਲ੍ਹ ਅੰਦਰ ਐਕਟਿਵ ਸਨ | ਮੁਖਬਰ ਨੇ ਦੱਸਿਆ ਕਿ ਧਾਲੀਵਾਲ ਅੱਤਵਾਦੀਆਂ ਅਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਡਰੋਨ ਰਾਹੀਂ ਜੇਲ੍ਹ ਅੰਦਰ ਨਸ਼ਾ, ਮੋਬਾਈਲ ਤੇ ਹੋਰ ਵਸਤੂਆਂ ਭੇਜਣ ਦੀ ਸਾਜ਼ਿਸ਼ ਕਰ ਰਿਹਾ ਹੈ | ਇਹ ਵੀ ਪਤਾ ਲੱਗਾ ਕਿ ਧਾਲੀਵਾਲ ਨੇ ਕੁਝ ਦਿਨ ਪਹਿਲਾਂ ਕਥਿਤ ਤੌਰ ‘ਤੇ ਮੋਟੀ ਰਕਮ ਲੈ ਕੇ ਪੰਜ ਮੋਬਾਈਲ ਫੋਨ ਜੇਲ੍ਹ ‘ਚ ਬੰਦ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਮੁਹੱਈਆ ਕਰਵਾਏ ਸਨ | ਧਵਨ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ |




