ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਸਾਰੇ 6 ਦੋਸ਼ੀਆਂ ਨੂੰ ਸ਼ੁੱਕਰਵਾਰ ਰਿਹਾਅ ਕਰਨ ਦਾ ਹੁਕਮ ਦਿੱਤਾ | ਸੁਪਰੀਮ ਕੋਰਟ ਨੇ ਕਿਹਾ-ਜੇ ਰਾਜਪਾਲ ਕਾਰਵਾਈ ਨਹੀਂ ਕਰਦੇ ਹਨ ਤਾਂ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਮਾਮਲੇ ਦੇ ਦੋਸ਼ੀਆਂ ਨਲਿਨੀ ਸ੍ਰੀਹਰ, ਰਾਬਰਟ ਪੇਸ, ਰਵੀਚੰਦਰਨ, ਰਾਜਾ, ਸ੍ਰੀਹਰਨ ਅਤੇ ਜੈਕੁਮਾਰ ਨੂੰ ਰਿਹਾਅ ਕਰਨ ਦਾ ਹੁਕਮ ਦੇ ਰਹੇ ਹਾਂ | ਜਸਟਿਸ ਬੀ ਆਰ ਗਵਈ ਅਤੇ ਬੀ ਵੀ ਨਾਗਰਥਨਾ ਦੀ ਬੈਂਚ ਨੇ ਇੱਕ ਹੋਰ ਦੋਸ਼ੀ ਪੇਰਾਰੀਵਲਨ ਨੂੰ 17 ਮਈ ਨੂੰ ਰਿਹਾਅ ਕਰ ਦਿੱਤਾ ਸੀ | ਬੈਂਚ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ‘ਤੇ ਰਾਜਪਾਲ ਨੇ ਕਾਰਵਾਈ ਨਹੀਂ ਕੀਤੀ | ਦੋਸ਼ੀਆਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹ ‘ਚ ਬਿਤਾਇਆ ਹੈ ਅਤੇ ਜੇਲ੍ਹ ‘ਚ ਉਨ੍ਹਾਂ ਦਾ ਵਿਵਹਾਰ ਤਸੱਲੀਬਖਸ਼ ਸੀ |
ਨਲਿਨੀ ਨੇ ਅਗਸਤ ‘ਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਆਪਣੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕੀਤੀ ਸੀ | ਉਸ ਨੇ ਮਦਰਾਸ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਉਸ ਦੀ ਛੇਤੀ ਰਿਹਾਈ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ | ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਮੁਨੀਸ਼ਵਰ ਨਾਥ ਭੰਡਾਰੀ ਅਤੇ ਜਸਟਿਸ ਐੱਨ ਮਾਲਾ ਦੀ ਬੈਂਚ ਨੇ ਨਲਿਨੀ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਸੀ-ਹਾਈ ਕੋਰਟ ਭਾਰਤ ਦੇ ਸੰਵਿਧਾਨ ਦੀ ਧਾਰਾ 142 ਦੇ ਤਹਿਤ ਸੁਪਰੀਮ ਕੋਰਟ ਵਾਂਗ ਆਦੇਸ਼ ਦੇਣ ਲਈ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦੀ |




