ਨਵੀਂ ਦਿੱਲੀ (ਗੁਰਜੀਤ ਬਿੱਲਾ)
ਸੰਯੁਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਸੋਮਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਈ, ਜਿੱਥੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਹਿੱਸਾ ਲਿਆ | ਜਿਵੇਂ ਕਿ ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਕਿਸਾਨ ਅੰਦੋਲਨ ਨੂੰ ਖਤਮ ਹੋਏ ਇੱਕ ਸਾਲ ਹੋਣ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਮੋਰਚੇ ਨਾਲ ਕੀਤੇ ਗਏ ਸਮਝੌਤੇ ਵਾਲੇ ਜ਼ਿਆਦਾਤਰ ਵਾਅਦੇ ਹੁਣ ਵੀ ਪੂਰੇ ਨਹੀਂ ਹੋਏ | ਇਸ ਤੱਥ ਨੂੰ ਕੇਂਦਰ ਵਿੱਚ ਰੱਖਦੇ ਹੋਏ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਅੱਗੋਂ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ |
ਪਿਛਲੇ ਸਾਲ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ ਸੀ, ਇਸ ਲਈ ਸੰਯੁਕਤ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਦਿਨ ਨੂੰ ਫਤਿਹ ਦਿਵਸ ਵਜੋਂ ਮਨਾਇਆ ਜਾਏਗਾ | 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਲੱਖਾਂ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋਏ ਸੀ | ਸੰਯੁਕਤ ਮੋਰਚੇ ਦਾ ਫੈਸਲਾ ਹੈ ਕਿ ਆਉਣ ਵਾਲੀ 26 ਨਵੰਬਰ ਨੂੰ ਹਰ ਸੂਬੇ ਦੇ ਰਾਜ ਭਵਨ ਵੱਲ ਨੂੰ ਮਾਰਚ ਕੀਤੇ ਜਾਣਗੇ ਅਤੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ | ਇਹਨਾਂ ਮੰਗ ਪੱਤਰਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਕੇਂਦਰੀ ਮੰਗਾਂ ਦੇ ਨਾਲ-ਨਾਲ ਸੂਬੇ ਦੀਆਂ ਮੰਗਾਂ ਵੀ ਹੋਣਗੀਆਂ | 11 ਦਸੰਬਰ 2021 ਨੂੰ ਜਿੱਤ ਤੋਂ ਬਾਅਦ ਕਿਸਾਨ ਵਾਪਸ ਪਿੰਡਾਂ ਵੱਲ ਨੂੰ ਫ਼ਤਿਹ ਮਾਰਚ ਕਰਦਿਆਂ ਵਾਪਸ ਗਏ ਸਨ | ਆਉਣ ਵਾਲੇ 11 ਦਸੰਬਰ ਨੂੰ ਮੋਰਚੇ ਦੀ ਜਿੱਤ ਵਾਲਾ ਦਿਨ ਮਨਾਇਆ ਜਾਏਗਾ ਅਤੇ 1 ਤੋਂ 11 ਦਸੰਬਰ ਤੱਕ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ |
ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 8 ਦਸੰਬਰ ਨੂੰ ਹੋਵੇਗੀ, ਜਿਸ ਵਿੱਚ ਅੰਦੋਲਨ ਦੇ ਅਗਲੇ ਪੜਾਅ ਦਾ ਫੈਸਲਾ ਅਤੇ ਐਲਾਨ ਕੀਤਾ ਜਾਵੇਗਾ | ਉਸ ਮੀਟਿੰਗ ਵਿੱਚ ਕਰਜ਼ਾ ਮੁਕਤੀ ਤੇ ਪੂਰੇ ਮੁੱਲ ਦੀ ਗਾਰੰਟੀ ਲਈ ਸੰਘਰਸ਼ ਦੀ ਤਿਆਰੀ ਦਾ ਵੇਰਵਾ ਦਿੱਤਾ ਜਾਵੇਗਾ | ਮੀਟਿੰਗ ਵਿੱਚ 70 ਤੋਂ ਵੱਧ ਆਗੂ ਹਾਜ਼ਰ ਸਨ | ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ ਅਤੇ ਜਗਤਾਰ ਸਿੰਘ ਬਾਜਵਾ ਨੇ ਕੀਤੀ |




