ਪੰਜਾਬ ਦੋਖੀ ਤਾਕਤਾਂ ਸੂਬੇ ਨੂੰ ਤੱਤੀਆਂ ਹਵਾਵਾਂ ਦੇ ਹਵਾਲੇ ਕਰਨ ਦੇ ਆਹਰ ‘ਚ : ਬੰਤ ਬਰਾੜ

0
237

ਸ਼ਾਹਕੋਟ (ਗਿਆਨ ਸੈਦਪੁਰੀ)
ਅੰਗਰੇਜ਼ਾਂ ਦੇ ਪਿੱਠੂ ਰਹੇ ਲੋਕ ਪੰਜਾਬ ਵਿੱਚ ਆਪਣੇ ਦੁਰਪ੍ਰਚਾਰ ਰਾਹੀਂ ਭਾਈ ਲਾਲੋਆਂ ਦੇ ਪੈਰੋਕਾਰਾਂ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਅਤੇ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕੀਤਾ | ਉਹ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਏਟਕ ਦੀ ਅਹਿਮ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ |
ਉਨ੍ਹਾ ਪੰਜਾਬ ਦੇ ਅਜੋਕੇ ਸੰਕਟਮਈ ਦੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਰ ਐੱਸ ਐੱਸ ਆਪਣੀਆਂ ਫਾਸ਼ੀਵਾਦੀ ਰੁਚੀਆਂ ਅਧੀਨ ਪੰਜਾਬ ਨੂੰ ਤੱਤੀਆਂ ਹਵਾਵਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਅਤੇ ਫਲਸਫੇ ਨੂੰ ਨਿੰਦਿਆ ਜਾ ਰਿਹਾ ਹੈ | ਕਮਿਊਨਿਸਟਾਂ ‘ਤੇ ਲਗਾਤਾਰ ਵਿਚਾਰਧਾਰਕ ਹਮਲੇ ਕੀਤੇ ਜਾ ਰਹੇ ਹਨ | ਉਹਨਾ ਆਰ ਐੱਸ ਐੱਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਇਤਿਹਾਸਕ ਤੱਥ ਸਾਫ ਤੌਰ ‘ਤੇ ਜ਼ਾਹਰ ਕਰਦੇ ਰਹੇ ਹਨ ਕਿ ਇਹ ਅੰਗਰੇਜ਼ਾਂ ਦੇ ਪਿੱਠੂ ਸਨ | ਅੱਜ ਇਹ ਲੋਕ ਦੇਸ਼ ਭਗਤੀ ਦਾ ਬੁਰਕਾ ਪਾ ਕੇ ਪੰਜਾਬ ਅਤੇ ਦੇਸ਼ ਦਾ ਭਲਾ ਚਾਹੁਣ ਵਾਲੀਆਂ ਤਾਕਤਾਂ ਵਿਰੱੁਧ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ | ਉਨ੍ਹਾ ਕਿਹਾ ਕਿ ਆਰ ਐੱਸ ਐੱਸ ਦੇ ਮਨਸ਼ਿਆਂ ਦੀ ਪੂਰਤੀ ਕਰਨ ਵਿੱਚ ਕੁਝ ਹੋਰ ਵਿਅਕਤੀ ਜਾਂ ਸੰਸਥਾਵਾਂ ਨੂੰ ਉਭਾਰਿਆ ਜਾ ਰਿਹਾ ਹੈ | ਕਮਿਊਨਿਸਟਾਂ ਵਿਰੁੱਧ ਸਿੱਖ ਵਿਰੋਧੀ ਹੋਣ ਦਾ ਦੁਰ-ਪ੍ਰਚਾਰ ਕੀਤਾ ਜਾ ਰਿਹਾ ਹੈ | ਗੁੁਰੂ ਨਾਨਕ ਦੇ ਮਨੁੱਖਵਾਦੀ ਫਲਸਫੇ ਤੋਂ ਕਮਿਊਨਿਸਟਾਂ ਨੂੰ ਦੂਰ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ | ਉਹਨਾ ਕਿਹਾ ਕਿ ਕਮਿਊਨਿਸਟਾਂ ਦੇ ਲੋਕ-ਪੱਖੀ ਵਰਤਾਰੇ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਇਹ ਭਾਈ ਲਾਲੋ ਦੀ ਧਿਰ ਨਾਲ ਖੜੇ ਹਨ ਅਤੇ ਗੁਰੂ ਨਾਨਕ ਦੇ ਸਾਂਝੀਵਾਲਤਾ ਦੇ ਫਲਸਫੇ ਦੇ ਧਾਰਨੀ ਹਨ | ਉਨ੍ਹਾ ਕਿਹਾ ਕਿ ਆਰ ਐੱਸ ਐੱਸ ਅਤੇ ਹੋਰ ਪੰਜਾਬ ਦੋਖੀ ਤਾਕਤਾਂ ਦਾ ਮੂੰਹ-ਤੋੜ ਜਵਾਬ ਦੇਣ ਲਈ ਸੰਘਰਸ਼ ਹੀ ਇੱਕੋ-ਇਕ ਰਾਹ ਹੈ |
ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ 3 ਦਸੰਬਰ ਨੂੰ ਪਟਿਆਲਾ ਵਿੱਚ ਕੀਤੀ ਜਾ ਰਹੀ ਸੂਬਾ ਏਟਕ ਦੀ ਕਾਨਫਰੰਸ ਅਤੇ 16 ਤੋਂ 20 ਦਸੰਬਰ ਨੂੰ ਹੋ ਰਹੀ ਕੇਰਲਾ ਦੇ ਅੱਲਾਪੂਜਾ ਸ਼ਹਿਰ ਵਿੱਚ 42ਵੀਂ ਨੈਸ਼ਨਲ ਕਾਂਗਰਸ (ਏਟਕ) ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾ ਦੱਸਿਆ ਕਿ 3 ਦਸੰਬਰ ਨੂੰ ਏਟਕ ਦੀ ਸੂਬਾ ਕਾਨਫਰੰਸ ਠੀਕ 10 ਵਜੇ ਸ਼ੁਰੂ ਹੋ ਜਾਵੇਗੀ | ਇਸ ਵਿੱਚ 150 ਡੈਲੀਗੇਟ ਹਿੱਸਾ ਲੈਣਗੇ | ਇਸੇ ਤਰਾਂ ਏਟਕ ਦੀ ਨੈਸ਼ਨਲ ਕਾਂਗਰਸ ਦੇ ਡੈਲੀਗੇਟ 2020 ਦੀ ਮੈਂਬਰਸ਼ਿਪ ‘ਤੇ ਅਧਾਰਤ ਬਣਨਗੇ |
ਉਹਨਾ ਪੰਜਾਬ ਦੇ ਲੋਕਾਂ ਦੀਆਂ ਭਖਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਮੰਗਾਂ ਸੰਬੰਧੀ ਅਤੀਤ ਵਿੱਚ ਸਰਕਾਰ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾ ਕਿਹਾ ਕਿ ਆਉਂਦੇ ਸਮੇਂ ਵਿੱਚ ਲੋਕ ਮਸਲੇ ਹੱਲ ਕਰਵਾਉਣ ਲਈ ਇੱਕ ਵੱਡੀ ਰੈਲੀ ਕੀਤੀ ਜਾਵੇਗੀ | ਮੀਟਿੰਗ ਵਿੱਚ ਏਟਕ ਦੇ ਉਪ ਪ੍ਰਧਾਨ ਡੀ ਪੀ ਮੌੜ, ਸੁਖਦੇਵ ਸ਼ਰਮਾ ਤੇ ਅਮਰਜੀਤ ਸਿੰਘ ਆਸਲ (ਦੋਵੇਂ ਸਕੱਤਰ ਏਟਕ) ਨੇ ਵੀ ਵਿਚਾਰ ਸਾਂਝੇ ਕੀਤੇ |
ਮੀਟਿੰਗ ਦੇ ਸ਼ੁਰੂ ਵਿੱਚ ਕਾਮਰੇਡ ਰਣਧੀਰ ਸਿੰਘ ਗਿੱਲ, ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ, ਅਵਤਾਰ ਵਲਟੋਹਾ (ਭਰਾਤਾ ਬਲਕਾਰ ਵਲਟੋਹਾ), ਪ੍ਰੀਤਮ ਸਿੰਘ ਦਰਦੀ, ਕਰਤਾਰ ਕਾਲਾ ਤੇ ਪਿਛਲੇ ਸਮੇਂ ਵਿਛੋੜਾ ਦੇ ਗਏ ਹੋਰ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਸਵਿੰਦਰ ਕੌਰ, ਦੇਵੀ ਕੁਮਾਰੀ ਸਰਹਾਲੀ ਕਲਾਂ, ਸਰੋਜ ਰਾਣੀ ਛਪੜੀਵਾਲਾ, ਜਗਦੀਸ਼ ਸਿੰਘ ਚਾਹਲ ਤੇ ਜਗਸੀਰ ਖੋਸਾ ਸ਼ਾਮਲ ਸਨ |

LEAVE A REPLY

Please enter your comment!
Please enter your name here