ਸਾਊਦੀ ਅਰਬ ਨੇ 10 ਦਿਨਾਂ ‘ਚ 12 ਦਾ ਸਿਰ ਕੱਟਿਆ

0
304

ਰਿਆਦ : ਸਾਊਦੀ ਅਰਬ ‘ਚ ਬੀਤੇ 10 ਦਿਨਾਂ ‘ਚ 12 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ | ਸਜ਼ਾ ਦੇਣ ਦਾ ਤਰੀਕਾ ਵੀ ਬੇਹੱਦ ਖ਼ਤਰਨਾਕ ਹੈ, ਜਿਸ ਨੂੰ ਲੈ ਕੇ ਦੁਨੀਆ ਭਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਚਿੰਤਾ ਪ੍ਰਗਟਾਈ ਹੈ |
ਇਨ੍ਹਾਂ ਲੋਕਾਂ ਨੂੰ ਤਲਵਾਰ ਨਾਲ ਸਿਰ ਕੱਟ ਕੇ ਮੌਤ ਦੀ ਸਜ਼ਾ ਦਿੱਤੀ ਗਈ | ਇਨ੍ਹਾਂ ‘ਚ ਕਈ ਲੋਕ ਗਲਤ ਕੰਮ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮਾਮਲਿਆਂ ‘ਚ ਦੋਸ਼ੀ ਪਾਏ ਗਏ ਸਨ | ਸਿਰ ਧੜ ਤੋਂ ਵੱਖ ਕਰਕੇ ਕਤਲ ਕਰਨ ਦੀ ਸਜ਼ਾ ਜਿਨ੍ਹਾਂ ਲੋਕਾਂ ਨੂੰ ਮਿਲੀ, ਉਨ੍ਹਾਂ ‘ਚ ਤਿੰਨ ਪਾਕਿਸਤਾਨੀ ਹਨ |
ਇਨ੍ਹਾਂ ਤੋਂ ਇਲਾਵਾ 4 ਸੀਰੀਆਈ, ਦੋ ਜਾਰਡਨ ਦੇ ਅਤੇ ਤਿੰਨ ਲੋਕ ਸਾਊਦੀ ਦੇ ਹੀ ਹਨ | ਇਸ ਤਰ੍ਹਾਂ ਇਸ ਸਾਲ ‘ਚ ਹੁਣ ਤੱਕ ਸਾਊਦੀ ਅਰਬ ‘ਚ 132 ਲੋਕਾਂ ਨੂੰ ਬੇਰਹਿਮੀ ਨਾਲ ਮੌਤ ਦੀ ਸਜ਼ਾ ਦਿੱਤੀ ਗਈ | ਇਹ ਅੰਕੜਾ 2020-2021 ਨੂੰ ਮਿਲਾ ਕੇ ਵੀ ਜ਼ਿਆਦਾ ਹੈ | ਅਰਬ ਦੇਸ਼ਾਂ ‘ਚ ਬੇਰਹਿਮੀ ਵਾਲੀਆਂ ਸਜ਼ਾਵਾਂ ਦਾ ਦੌਰ ਵਾਪਸ ਆ ਗਿਆ ਹੈ | ਸੰਯੁਕਤ ਰਾਸ਼ਟਰ ਸੰਘ ਸਮੇਤ ਸਾਰੀਆਂ ਸੰਸਥਾਵਾਂ ਨੇ ਚਿੰਤਾ ਪ੍ਰਗਟਾਈ ਹੈ | ਪਿਛਲੇ ਦਿਨੀ ਕਰਾਊਨ ਪਿ੍ੰਸ ਮੁਹੰਮਦ ਬਿਨ ਸਲਮਾਨ ਨੇ ਮੌਤ ਦੀ ਸਜ਼ਾ ‘ਚ ਕਮੀ ਕਰਨ ਦਾ ਵਾਅਦਾ ਕੀਤਾ ਸੀ, ਉਸ ਤੋਂ ਬਾਅਦ ਵੀ ਇਨ੍ਹਾਂ ਦਾ ਜਾਰੀ ਰਹਿਣਾ ਚਿੰਤਾ ਵਧਾਉਣ ਵਾਲਾ ਹੈ | 2018 ‘ਚ ਵੀ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਉਨ੍ਹਾ ਦਾ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਕਿ ਮੌਤ ਦੀਆਂ ਸਜ਼ਾਵਾਂ ਘੱਟ ਤੋਂ ਘੱਟ ਮਾਮਲਿਆਂ ‘ਚ ਦਿੱਤੀਆਂ ਜਾਣ | ਉਨ੍ਹਾ ਦਾ ਕਹਿਣਾ ਸੀ ਕਿ ਹੱਤਿਆ ਵਰਗੇ ਮਾਮਲਿਆਂ ‘ਚ ਹੀ ਮੌਤ ਦੀ ਸਜ਼ਾ ਦਾ ਪ੍ਰਬੰਧ ਰੱਖਿਆ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਮਹੀਨੇ ਵਿੱਚ ਹੀ ਸਾਊਦੀ ਅਰਬ ‘ਚ 81 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ |

LEAVE A REPLY

Please enter your comment!
Please enter your name here