37.2 C
Jalandhar
Thursday, March 28, 2024
spot_img

ਬੜ੍ਹਕ ਤੇ ਖਾਮੋੋਸ਼ੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਮਹੀਨੇ ਮਕਬੂਜ਼ਾ ਕਸ਼ਮੀਰ ਨੂੰ ਮੁੜ ਕਬਜ਼ੇ ਵਿਚ ਲੈਣ ਦਾ ਸੰਕਲਪ ਦੁਹਰਾਇਆ ਸੀ ਤੇ ਹੁਣ ਉੱਤਰੀ ਕਮਾਨ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ-ਜਿੱਥੋਂ ਤੱਕ ਭਾਰਤੀ ਫੌਜ ਦਾ ਸੰਬੰਧ ਹੈ, ਭਾਰਤ ਸਰਕਾਰ ਜੋ ਵੀ ਹੁਕਮ ਕਰੇਗੀ, ਫੌਜ ਉਸ ਨੂੰ ਨੇਪਰੇ ਚਾੜ੍ਹੇਗੀ | ਇਸ ਬਿਆਨਬਾਜ਼ੀ ‘ਤੇ ਇਕ ਸਾਬਕਾ ਲੈਫਟੀਨੈਂਟ ਜਨਰਲ ਨੇ ਟਿੱਪਣੀ ਕੀਤੀ ਹੈ-ਕਿੰਨੀ ਹਾਸੋਹੀਣੀ ਗੱਲ ਹੈ ਕਿ ਸਰਕਾਰ ਤੇ ਫੌਜ ਮਕਬੂਜ਼ਾ ਕਸ਼ਮੀਰ ‘ਤੇ ਮੁੜ ਕੰਟਰੋਲ ਕਰਨ ਦਾ ਰੌਲਾ ਪਾ ਰਹੀਆਂ ਹਨ, ਪਰ ਦੋ ਸਾਲ ਪਹਿਲਾਂ ਲੱਦਾਖ ਵਿਚ ਚੀਨੀ ਘੁਸਪੈਠ ਕਾਰਨ ਇਕ ਹਜ਼ਾਰ ਕਿਲੋਮੀਟਰ ਇਲਾਕਾ ਗੁਆ ਲੈਣ ਬਾਰੇ ਮੂੰਹ ਨਹੀਂ ਖੋਲ੍ਹਦੀਆਂ | ਇਕ ਹੋਰ ਸਾਬਕਾ ਮੇਜਰ ਜਨਰਲ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਮਕਬੂਜ਼ਾ ਕਸ਼ਮੀਰ ‘ਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਨਾ ਤੇ ਲੱਦਾਖ ਵਿਚ ਚੀਨੀ ਘੁਸਪੈਠ ਨੂੰ ਮੰਨਣ ਨੂੰ ਤਿਆਰ ਨਾ ਹੋਣਾ ਇਸ ਦੇ ਇਰਾਦੇ ਨੂੰ ਦਰਸਾਉਂਦਾ ਹੈ | ਸਰਕਾਰ ਦਾ ਇੱਕੋ-ਇਕ ਮਿਸ਼ਨ ਚੋਣਾਂ ਜਿੱਤਣਾ ਹੈ | ਮਈ 2020 ਤੋਂ ਭਾਰਤੀ ਤੇ ਚੀਨੀ ਫੌਜਾਂ ਲੱਦਾਖ ਵਿਚ ਕਈ ਵਾਰ ਆਹਮੋ-ਸਾਹਮਣੇ ਹੋਈਆਂ ਹਨ | ਚੀਨ ਭਾਰਤ ਦੇ ਇਕ ਹਜ਼ਾਰ ਕਿਲੋਮੀਟਰ ‘ਤੇ ਕਬਜ਼ਾ ਕਰ ਚੁੱਕਾ ਹੈ | ਮਕਬੂਜ਼ਾ ਕਸ਼ਮੀਰ ‘ਤੇ ਕਬਜ਼ੇ ਦੀਆਂ ਬੜ੍ਹਕਾਂ ਮਾਰ ਕੇ ਤੇ ਚੀਨ ਬਾਰੇ ਕੁਝ ਨਾ ਬੋਲ ਕੇ ਅਸੀਂ ਕਿਸ ਨੂੰ ਧੋਖਾ ਦੇ ਰਹੇ ਹਾਂ? ਗਲਵਾਨ ਵਾਦੀ ਵਿਚ ਹੋਈ ਝੜਪ ਵਿਚ 20 ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਤੇ ਕਈ ਚੀਨੀ ਫੌਜੀਆਂ ਦੇ ਮਾਰੇ ਜਾਣ ਦੇ ਚਾਰ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ 2020 ਨੂੰ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਸੀ ਕਿ ਨਾ ਚੀਨੀ ਸਾਡੇ ਕਿਸੇ ਇਲਾਕੇ ਵਿਚ ਦਾਖਲ ਹੋਏ ਤੇ ਨਾ ਉਨ੍ਹਾਂ ਕਿਸੇ ਚੌਕੀ ‘ਤੇ ਕਬਜ਼ਾ ਕੀਤਾ | ਸਾਬਕਾ ਫੌਜੀ ਅਫਸਰਾਂ ਦਾ ਕਹਿਣਾ ਹੈ ਕਿ ਮੋਦੀ ਨੇ 2020 ਤੋਂ ਹੁਣ ਤੱਕ ਚੀਨ ਦਾ ਨਾਂਅ ਨਹੀਂ ਲਿਆ ਤੇ ਉਸ ਦੀ ਸਰਕਾਰ ਵੀ ਲੱਦਾਖ ਵਿਚ ਸਥਿਤੀ ਪਹਿਲਾਂ ਵਰਗੀ ਕਰਨ ਬਾਰੇ ਕੁਝ ਨਹੀਂ ਬੋਲੀ ਹੈ | ਚੀਨੀ ਘੁਸਪੈਠ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਸਰਕਾਰ ਚੀਨ ਦਾ ਹੱਥ ਹੀ ਉਪਰ ਕਰ ਰਹੀ ਹੈ | ਦਰਅਸਲ ਭਾਜਪਾ ਚੋਣਾਂ ਵਿਚ ਫੌਜ ਨੂੰ ਵਰਤਣ ਤੋਂ ਪਰਹੇਜ਼ ਨਹੀਂ ਕਰਦੀ | ਚੀਨ ਨਾਲ ਝੜਪ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਦੀਆਂ ਤਸਵੀਰਾਂ ਇਸ ਨੇ ਬਿਹਾਰ ਵਿਚ ਚੋਣ ਪ੍ਰਚਾਰ ਦੌਰਾਨ ਵਰਤੀਆਂ | ਪੁਲਵਾਮਾ ਅੱਤਵਾਦੀ ਹਮਲੇ ਨੂੰ ਵੀ ਖੂਬ ਵਰਤਿਆ | ਹੁਣ ਹਿਮਾਚਲ ਤੇ ਗੁਜਰਾਤ ਅਸੰਬਲੀ ਚੋਣਾਂ ਵਿਚ ਵੀ ਉਸ ਨੇ ਫੌਜ ਨੂੰ ਵਰਤਣ ਦਾ ਯਤਨ ਕੀਤਾ ਹੈ | ਅਫਸੋਸ ਦੀ ਗੱਲ ਹੈ ਕਿ ਵੱਡੇ ਜਨਰਲ ਵੀ ਉਸ ਦੀ ਹਾਂ ਵਿਚ ਹਾਂ ਮਿਲਾਉਣ ਲੱਗ ਜਾਂਦੇ ਹਨ |

Related Articles

LEAVE A REPLY

Please enter your comment!
Please enter your name here

Latest Articles