ਇਸਲਾਮਿਕ ਸਟੇਟ ਨੇ ਲਈ ਪਾਕਿ ਸਫਾਰਤਖਾਨੇ ‘ਤੇ ਹਮਲੇ ਦੀ ਜ਼ਿੰਮੇਵਾਰੀ

0
243

ਕਾਬੁਲ : ਬੀਤੇ ਸ਼ੁੱਕਰਵਾਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਪਾਕਿਸਤਾਨ ਦੇ ਸਫਾਰਤਖਾਨੇ ‘ਤੇ ਅੱਤਵਾਦੀ ਹਮਲਾ ਹੋਇਆ ਸੀ | ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਜ਼ਿਕਰਯੋਗ ਹੈ ਕਿ ਸੰਗਠਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ | ਇਸ ਹਮਲੇ ‘ਚ ਪਾਕਿਸਤਾਨੀ ਰਾਜਦੂਤ ਉਬੈਦੁਰ ਰਹਿਮਾਨ ਨਿਜ਼ਾਮਨੀ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ | ਨਿਜ਼ਾਮਨੀ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ, ਪਰ ਉਨ੍ਹਾ ਦੇ ਅੰਗ ਰੱਖਿਅਕ ਜ਼ਖ਼ਮੀ ਹੋ ਗਏ | ਇਹ ਹਮਲਾ ਮੱਧਮ ਰੇਂਜ ਦੇ ਹਥਿਆਰਾਂ ਅਤੇ ਸਨਾਈਪਰਾਂ ਨਾਲ ਕੀਤਾ ਗਿਆ | ਪਾਕਿਸਤਾਨੀ ਮਿਸ਼ਨ ਇੰਚਾਰਜ ਉਬੈਦੁਰ ਰਹਿਮਾਨ ਨਿਜ਼ਾਮਨੀ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਉਸ ਸਮੇਂ ਨਿਸ਼ਾਨਾ ਬਣਾਇਆ, ਜਦੋਂ ਉਹ ਦੂਤਘਰ ਦੇ ਕੰਪਲੈਕਸ ਵਿੱਚ ਸੈਰ ਕਰ ਰਹੇ ਸਨ, ਪਰ ਉਨ੍ਹਾ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾ ਨੂੰ ਬਚਾ ਲਿਆ | ਸੁਰੱਖਿਆ ਗਾਰਡ ਇਸਰਾਰ ਮੁਹੰਮਦ ਗੰਭੀਰ ਰੂਪ ‘ਚ ਜ਼ਖ਼ਮੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ |
ਵਿਦੇਸ਼ ਵਿਭਾਗ ਨੇ ਇਸ ਹਮਲੇ ਲਈ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਤਾੜਨਾ ਕੀਤੀ ਹੈ | ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਸੀ ਕਿ ਹਮਲੇ ਦੀ ਜਾਂਚ, ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਅਤੇ ਪਾਕਿਸਤਾਨੀ ਡਿਪਲੋਮੈਟਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਫਗਾਨਿਸਤਾਨ ਦੀ ਅੰਤਰਮ ਸਰਕਾਰ ਦੀ ਜ਼ਿੰਮੇਵਾਰੀ ਹੈ | ਕਾਬੁਲ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਇੱਕ ਸ਼ੱਕੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਸੁਰੱਖਿਆ ਬਲਾਂ ਨੇ ਨੇੜਲੀ ਇਮਾਰਤ ਨੂੰ ਸਾਫ ਕਰਨ ਤੋਂ ਬਾਅਦ ਦੋ ਹਥਿਆਰ ਜ਼ਬਤ ਕੀਤੇ ਹਨ |

LEAVE A REPLY

Please enter your comment!
Please enter your name here