ਮੌਤ ਸਹੇੜ ਰਿਹਾ ਮਨੁੱਖ

0
268

ਇਸ ਸਮੇਂ ਪ੍ਰਦੂਸ਼ਣ ਕਾਰਨ ਦੁਨੀਆ ਇੱਕ ਮਹਾਂਮਾਰੀ ਵੱਲ ਵਧ ਰਹੀ ਹੈ | ‘ਲਾਰੈਂਸ’ ਪਲੇਨਰੀ ਹੈੱਲਥ ਨਾਮੀ ਮੈਗਜ਼ੀਨ ਵੱਲੋਂ ਦੁਨੀਆ ਭਰ ਵਿੱਚ ਪ੍ਰਦੂਸ਼ਣ ਦੀ ਸਥਿਤੀ ਬਾਰੇ ਅਧਿਐਨ ਕੀਤਾ ਜਾਂਦਾ ਹੈ | ਉਸ ਨੇ ਆਪਣੀ ਪਹਿਲੀ ਰਿਪੋਰਟ 2017 ਵਿੱਚ ਤੇ ਪੰਜ ਸਾਲਾਂ ਬਾਅਦ ਦੂਜੀ ਰਿਪੋਰਟ 2022 ਵਿੱਚ ਪ੍ਰਕਾਸ਼ਤ ਕੀਤੀ ਹੈ | ਇਸ ਰਿਪੋਰਟ ਵਿੱਚ ਪ੍ਰਕਾਸ਼ਤ ਕੀਤੇ ਤੱਥ ਅੱਖਾਂ ਖੋਲ੍ਹਣ ਵਾਲੇ ਹਨ | ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੀਤੇ ਪੰਜ ਸਾਲਾਂ ਦੌਰਾਨ ਪ੍ਰਦੂਸ਼ਣ ਕਾਰਨ 4.5 ਕਰੋੜ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਚੁੱਕੀ ਹੈ |
ਇਸ ਰਿਪੋਰਟ ਨੂੰ ਵਾਤਾਵਰਣ ਵਿਗਿਆਨੀਆਂ ਦੇ ਇੱਕ ਕੌਮਾਂਤਰੀ ਗਰੁੱਪ ਨੇ ਭਾਰਤ ਸਣੇ ਦੁਨੀਆ ਦੇ 43 ਦੇਸ਼ਾਂ ਦੀਆਂ 750 ਥਾਵਾਂ ਦੇ ਜਲਵਾਯੂ ਅੰਕੜੇ ਤੇ ਮੌਤ ਦਰ ਦਾ ਵਿਸ਼ਲੇਸ਼ਣ ਕਰਕੇ ਤਿਆਰ ਕੀਤਾ ਹੈ | ਪ੍ਰਦੂਸ਼ਣ ਤੇ ਤਾਪਮਾਨ ਵਿੱਚ ਹੋਏ ਵਾਧੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਅੱਗੇ ਹੈ | ਭਾਰਤ ਵਿੱਚ ਹਰ ਸਾਲ 2 ਲੱਖ 40 ਹਜ਼ਾਰ ਲੋਕ ਇਸ ਕਾਰਨ ਮਰ ਜਾਂਦੇ ਹਨ | ਚੀਨ 2 ਲੱਖ 20 ਹਜ਼ਾਰ ਮੌਤਾਂ ਦੇ ਅੰਕੜੇ ਨਾਲ ਦੂਜੇ ਨੰਬਰ ਉੱਤੇ ਹੈ, ਹਾਲਾਂਕਿ ਭਾਰਤ ਨਾਲੋਂ ਉਸ ਦੀ ਅਬਾਦੀ ਵੱਧ ਹੈ |
ਇਸ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਪ੍ਰਦੂਸ਼ਣ ਕਾਰਨ ਹਰ ਸਾਲ 90 ਲੱਖ ਮੌਤਾਂ ਹੁੰਦੀਆਂ ਹਨ | ਇਹ ਅੰਕੜਾ ਸੜਕ ਹਾਦਸਿਆਂ, ਏਡਜ਼, ਮਲੇਰੀਆ ਤੇ ਤਪਦਿਕ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਤੋਂ ਵੀ ਵੱਧ ਹੈ | ਪ੍ਰਦੂਸ਼ਣ ਕਾਰਨ ਦੁਨੀਆ ਨੂੰ ਹਰ ਸਾਲ 4.6 ਟਿ੍ਲੀਅਨ ਡਾਲਰ ਯਾਨਿ 90 ਲੱਖ ਡਾਲਰ ਪ੍ਰਤੀ ਮਿੰਟ ਦਾ ਨੁਕਸਾਨ ਹੁੰਦਾ ਹੈ |
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਹਰ ਸਾਲ 50 ਲੱਖ ਵਿਅਕਤੀ ਵੱਧ ਗਰਮੀ ਤੇ ਵੱਧ ਸਰਦੀ ਕਾਰਨ ਮਰ ਜਾਂਦੇ ਹਨ | ਇਨ੍ਹਾਂ ਵਿੱਚ ਸਭ ਤੋਂ ਵੱਧ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਤੇ ਗਰੀਬ ਕਿਸਾਨ ਹੁੰਦੇ ਹਨ | ਖੇਤ ਮਜ਼ਦੂਰਾਂ ਦੇ ਤੌਰ ਉੱਤੇ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਤੇਜ਼ ਧੁੱਪ ਵਿੱਚ ਕੰਮ ਕਰਨਾ ਪੈਂਦਾ ਹੈ | ਗਰਭਵਤੀ ਮਹਿਲਾਵਾਂ ਜਦੋਂ ਤੇਜ਼ ਧੁੱਪ ਵਿੱਚ ਕੰਮ ਕਰਦੀਆਂ ਹਨ ਤਾਂ ਵਧੇ ਤਾਪਮਾਨ ਦਾ ਅਸਰ ਉਨ੍ਹਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਉੱਤੇ ਵੀ ਪੈਂਦਾ ਹੈ |
ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਰੌਪੀਕਲ ਮੈਡੀਸਨ ਦੀ ਵਿਗਿਆਨਕ ਡਾ: ਏਨਾ ਬੋਨੇਲ ਨੇ ਜਾਂਬੀਆ ਵਿੱਚ 92 ਗਰਭਵਤੀ ਖੇਤ ਮਜ਼ਦੂਰ ਔਰਤਾਂ ਦੀ 7 ਮਹੀਨੇ ਤੱਕ ਡੂੰਘੀ ਜਾਂਚ ਕਰਕੇ ਆਪਣੀ ਰਿਪੋਰਟ ਛਾਪੀ ਹੈ | ਜਾਂਚ ਦੌਰਾਨ ਉਸ ਨੇ ਤਾਪਮਾਨ, ਗਰਭ ਤੇ ਮਾਂ ਦੇ ਦਿਲ ਦੀ ਧੜਕਣ ਦਰ ਦੀ ਪਰਖ ਕੀਤੀ ਸੀ | ਇਸ ਰਿਪੋਰਟ ਮੁਤਾਬਕ ਤਾਪਮਾਨ ਵਧਣ ਨਾਲ ਪਸੀਨਾ ਆਉਣ ਕਰਕੇ ਗਰਭਵਤੀ ਮਹਿਲਾਵਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ | ਇਸ ਨਾਲ ਆਕਸੀਜਨ ਤੇ ਖੂਨ ਦਾ ਵਹਾਅ ਚਮੜੀ ਵੱਲ ਹੋ ਜਾਂਦਾ ਹੈ, ਜਿਸ ਕਾਰਨ ਗਰਭ ਵਿੱਚ ਇਨ੍ਹਾਂ ਦੀ ਕਮੀ ਹੋ ਜਾਂਦੀ ਹੈ | ਰਿਪੋਰਟ ਮੁਤਾਬਕ ਆਮ ਤਾਪਮਾਨ ਜਦੋਂ ਇੱਕ ਡਿਗਰੀ ਸੈਲਸੀਅਸ ਵਧਦਾ ਹੈ ਤਾਂ ਗਰਭ ਵਿੱਚ ਪਲ ਰਹੇ ਬੱਚੇ ਨੂੰ ਖ਼ਤਰਾ 17 ਫ਼ੀਸਦੀ ਤੱਕ ਵਧ ਜਾਂਦਾ ਹੈ ਤੇ ਦਿਲ ਦੀ ਧੜਕਣ ਪ੍ਰਤੀ ਮਿੰਟ 160 ਤੋਂ ਵੀ ਉਪਰ ਚਲੀ ਜਾਂਦੀ ਹੈ | ਇਸ ਅਧਿਐਨ ਵਿੱਚ ਸ਼ਾਮਲ ਹੋਣ ਵਾਲੀਆਂ ਖੇਤ ਮਜ਼ਦੂਰ ਔਰਤਾਂ ਵਿੱਚ 60 ਫ਼ੀਸਦੀ ਤੋਂ ਵੱਧ ਤਾਪਮਾਨ ਕਾਰਨ ਹੋਣ ਵਾਲੇ ਲੱਛਣ ਸਿਰਦਰਦ, ਉਨੀਂਦਰਾ, ਕਮਜ਼ੋਰੀ, ਮਸਲ ਦਰਦ, ਉਲਟੀਆਂ ਤੇ ਗਲਾ ਸੁੱਕਣ ਆਦਿ ਪਾਏ ਗਏ ਸਨ | ਰਿਪੋਰਟ ਵਿੱਚ ਸਰਵੇ ਟੀਮ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਜਿੱਥੇ ਵੀ ਸੰਭਵ ਹੋਵੇ, ਖੇਤਾਂ ਵਿੱਚ ਵੱਧ ਤੋਂ ਵੱਧ ਦਰੱਖਤ ਲਾਏ ਜਾਣੇ ਚਾਹੀਦੇ ਹਨ | ਪਿਛਲੇ 20 ਸਾਲਾਂ ਤੋਂ ਤਾਪਮਾਨ ਵਿੱਚ ਵਾਧੇ ਬਾਰੇ ਕੀਤੇ ਅਧਿਐਨਾਂ ਮੁਤਾਬਕ 1990 ਤੋਂ ਬਾਅਦ ਹਰ ਦਹਾਕੇ ਦੌਰਾਨ ਧਰਤੀ ਦਾ ਤਾਪਮਾਨ ਔਸਤਨ 0.26 ਡਿਗਰੀ ਸੈਲਸੀਅਸ ਵਧ ਰਿਹਾ ਹੈ |
ਅਜਿਹੀ ਸਥਿਤੀ ਵਿੱਚ ਵੀ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਕਾਰਪੋਰੇਟਾਂ ਦੇ ਮੁਨਾਫ਼ੇ ਦੀ ਚਿੰਤਾ ਵਿੱਚ ਵਾਤਾਵਰਣ ਬਚਾਉਣ ਲਈ ਕੁਝ ਨਹੀਂ ਕਰ ਰਹੀਆਂ | ਇਸ ਹਾਲਤ ਵਿੱਚ ਅਸੀਂ ਲਗਾਤਾਰ ਮੌਤ ਵੱਲ ਵਧ ਰਹੇ ਹਾਂ | ਇਸ ਬਰਬਾਦੀ ਤੋਂ ਜੰਗਲ ਬਚਾ ਕੇ ਤੇ ਕਾਰਪੋਰੇਟਾਂ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਮਾਰੂ ਗੈਸਾਂ ਨੂੰ ਰੋਕ ਕੇ ਹੀ ਬਚਿਆ ਜਾ ਸਕਦਾ ਹੈ | ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਵਾਤਾਵਰਣ ਤਬਾਹੀ ਵਿਰੁੱਧ ਅਵਾਜ਼ ਉਠਾਵੇ, ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਬਚਾਇਆ ਜਾ ਸਕੇ |

LEAVE A REPLY

Please enter your comment!
Please enter your name here