ਟੋਰਾਂਟੋ : ਕੈਨੇਡਾ ਦੇ ਐਲਬਰਟਾ ਪ੍ਰਾਂਤ ‘ਚ ਸਿੱਖ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਸ ਅਨੁਸਾਰ ਐਲਬਰਟਾ ਦੀ ਰਾਜਧਾਨੀ ਐਡਮਿੰਟਨ ਦੀ 51 ਸਟਰੀਟ ‘ਚ 3 ਦਸੰਬਰ ਨੂੰ ਰਾਤ 8.40 ਵਜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ | ਪੁਲਸ ਜਦੋਂ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਇਕ ਨੌਜਵਾਨ ਕਾਰ ‘ਚ ਜ਼ਖਮੀ ਹਾਲਤ ‘ਚ ਪਿਆ ਸੀ | ਪੁਲਸ ਨੇ ਉਸ ਨੂੰ ਮਸਨੂਈ ਢੰਗ ਨਾਲ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ | ਡਾਕਟਰਾਂ ਨੂੰ ਸੱਦਿਆ, ਪਰ ਉਨ੍ਹਾਂ ਨੌਜਵਾਨ ਨੂੰ ਮਿ੍ਤਕ ਐਲਾਨਿਆ | ਐਡਮਿੰਟਨ ਦੇ ਮੈਡੀਕਲ ਐਗਜ਼ਾਮੀਨਰ ਨੇ 7 ਦਸੰਬਰ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਤੇ ਮਿ੍ਤਕ ਦੀ ਪਛਾਣ ਸਨਰਾਜ ਸਿੰਘ (24) ਵਜੋਂ ਕੀਤੀ ਗਈ ਹੈ | ਪੁਲਸ ਅਨੁਸਾਰ ਮੌਤ ਗੋਲੀਆਂ ਲੱਗਣ ਕਾਰਨ ਹੋਈ ਹੈ |




