ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਕਾਨੂੰਨ ‘ਚ ਸੋਧ ਹੋਵੇ : ਚੱਢਾ

0
284

ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੇਅਦਬੀਆਂ ਖਿਲਾਫ ਵੱਡਾ ਕਦਮ ਚੁੱਕਦਿਆਂ ਸ਼ੁੱਕਰਵਾਰ ਨੂੰ ਬੇਅਦਬੀ ਨਾਲ ਸੰਬੰਧਤ ਆਈ ਪੀ ਸੀ ਦੀ ਧਾਰਾ ‘ਚ ਸੋਧ ਕਰਨ ਦੀ ਮੰਗ ਕੀਤੀ ਤਾਂ ਜੋ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ | ਚੱਢਾ ਨੇ ਰਾਜ ਸਭਾ ‘ਚ ਕੰਮਕਾਜ ਦੀ ਪ੍ਰਕਿਰਿਆ ਅਤੇ ਸੰਚਾਲਨ ਨਾਲ ਸੰਬੰਧਤ ਨਿਯਮ 267 ਦੇ ਤਹਿਤ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਸੂਚੀਬੱਧ ਕੰਮਕਾਜ ਨੂੰ ਮੁਅੱਤਲ ਕਰਨ ਲਈ ਸਦਨ ‘ਚ ਨੋਟਿਸ ਦਿੱਤਾ | ਜਦੋਂ ਚੇਅਰਮੈਨ ਨੇ ਬੇਅਦਬੀ ‘ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਰਾਘਵ ਚੱਢਾ ਨੇ ਰਾਜ ਸਭਾ ‘ਚ ਹੀ ਇਸ ਦਾ ਵਿਰੋਧ ਕੀਤਾ ਅਤੇ ਇਸ ਉਪਰੰਤ ਉਨ੍ਹਾ ਸੰਸਦ ਭਵਨ ਦੇ ਬਾਹਰ ਗਾਂਧੀ ਦੇ ਬੁੱਤ ਦੇ ਸਾਹਮਣੇ ਧਰਨੇ ‘ਤੇ ਬੈਠ ਕੇ ਬੇਅਦਬੀ ‘ਤੇ ਚਰਚਾ ਦੀ ਮੰਗ ਕੀਤੀ | ਸਪੀਕਰ ਨੂੰ ਦਿੱਤੇ ਆਪਣੇ ਲਿਖਤੀ ਨੋਟਿਸ ‘ਚ ਚੱਢਾ ਨੇ ਕਿਹਾ ਕਿ ਸਦਨ ਦੇ ਨਿਯਮ 29 ਤਹਿਤ ਸੂਚੀਬੱਧ ਕੰਮਕਾਜ ਨੂੰ ਮੁਲਤਵੀ ਕਰਕੇ ਬੇਅਦਬੀ ਦੇ ਵਧਦੇ ਮਾਮਲਿਆਂ ਸੰਬੰਧੀ ਚਰਚਾ ਕੀਤੀ ਜਾਵੇ | ਇਹ ਇੱਕ ਅਜਿਹਾ ਮੁੱਦਾ ਹੈ ਜਿਸ ਕਾਰਨ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ | ਉਨ੍ਹਾਂ ਅੱਗੇ ਕਿਹਾ, Tਸਾਡੇ ਲਈ ਗੁਰੂ ਸਾਹਿਬਾਨ ਦੇ ਮਾਣ ਸਨਮਾਨ ਅਤੇ ਸਤਿਕਾਰ ਤੋਂ ਵੱਡਾ ਕੁਝ ਨਹੀਂ ਹੈ | ਅਸੀਂ ਆਪਣੇ ਸਿਰ ਕਟਾ ਸਕਦੇ ਹਾਂ | ਆਪਣੀ ਜਾਨ ਦੇ ਸਕਦਾ ਹੈ, ਪਰ ਗੁਰੂ ਸਾਹਿਬ ਦੀ ਬੇਅਦਬੀ ਬਰਦਾਸਤ ਨਹੀਂ ਕਰ ਸਕਦੇ |” ਉਨ੍ਹਾਂ ਲਿਖਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ | 2015 ਵਿੱਚ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ | ਫਿਰ ਲੁਧਿਆਣਾ ਵਿੱਚ ਪਵਿੱਤਰ ਸ੍ਰੀਮਦ ਭਗਵਤ ਗੀਤਾ ਦੀ ਬੇਅਦਬੀ ਹੋਈ ਅਤੇ ਪਵਿੱਤਰ ਕੁਰਾਨ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ | ਚੱਢਾ ਨੇ ਕਿਹਾ ਕਿ ਬੇਅਦਬੀ ਨਾਲ ਸੰਬੰਧਤ ਆਈ ਪੀ ਸੀ ਦੀਆਂ ਧਾਰਾਵਾਂ 295 ਅਤੇ 295ਏ ਵਿੱਚ ਇਸ ਅਪਰਾਧ ਲਈ ਨਿਰਧਾਰਤ ਸਜ਼ਾ ਏਨੀ ਮਾਮੂਲੀ ਹੈ ਕਿ ਅਜਿਹੇ ਘਟੀਆ ਅਪਰਾਧ ਕਰਨ ਵਾਲੇ ਦੋਸ਼ੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ | ਇਸ ਲਈ ਇਸ ਕਾਨੂੰਨ ਨੂੰ ਤੁਰੰਤ ਸੋਧ ਕੇ ਸਖਤ ਬਣਾਉਣ ਦੀ ਲੋੜ ਹੈ, ਤਾਂ ਜੋ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਜਾਂ ਇਸ ਤੋਂ ਵੀ ਸਖਤ ਸਜ਼ਾ ਦਿੱਤੀ ਜਾ ਸਕੇ | ਇਸ ਲਈ ਇਸ ਸਦਨ ਨੂੰ ਆਈ ਪੀ ਸੀ ਦੀ ਧਾਰਾ 295 ਵਿੱਚ ਸੋਧ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ | ਰਾਘਵ ਚੱਢਾ ਨੇ ਲਿਖਿਆ ਕਿ ਪੰਜਾਬ ਹਮੇਸ਼ਾ ਹੀ ਦੁਨੀਆ ਦੇ ਸਾਹਮਣੇ ਭਾਈਚਾਰੇ ਅਤੇ ਏਕਤਾ ਦੀ ਮਿਸਾਲ ਪੇਸ਼ ਕਰਦਾ ਰਿਹਾ ਹੈ | ਇਸ ਲਈ ਮੈਂ ਸਦਨ ਤੋਂ ਮੰਗ ਕਰਦਾ ਹਾਂ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਉਦੇਸ਼ ਨਾਲ ਹੁੰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੰਬੰਧਤ ਕਾਨੂੰਨ ਨੂੰ ਹੋਰ ਸਖਤ ਬਣਾਇਆ ਜਾਵੇ |

LEAVE A REPLY

Please enter your comment!
Please enter your name here