ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਮਚਾਰੀ ਭਵਿੱਖ ਨਿਧੀ (ਈ ਪੀ ਐੱਫ) ‘ਤੇ ਵਿਆਜ ਦਰ ਨੂੰ 8.1 ਫੀਸਦੀ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ | ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਿਵਾਸ ਦਾ ਨਾਂਅ ‘ਲੋਕ ਕਲਿਆਣ ਮਾਰਗ’ ਕਰਨ ਨਾਲ ਲੋਕਾਂ ਦੀ ਭਲਾਈ ਨਹੀਂ ਹੁੰਦੀ | ਰਾਹੁਲ ਨੇ ਟਵੀਟ ਕੀਤਾ, ‘ਘਰ ਦਾ ਪਤਾ ‘ਲੋਕ ਕਲਿਆਣ ਮਾਰਗ’ ਰੱਖਣ ਨਾਲ ਲੋਕਾਂ ਦਾ ਕਲਿਆਣ ਨਹੀਂ ਹੁੰਦਾ | ਪ੍ਰਧਾਨ ਮੰਤਰੀ ਨੇ ਸਾਢੇ ਛੇ ਕਰੋੜ ਮੁਲਾਜ਼ਮਾਂ ਦੇ ਵਰਤਮਾਨ ਅਤੇ ਭਵਿੱਖ ਨੂੰ ਬਰਬਾਦ ਕਰਨ ਲਈ ‘ਮਹਿੰਗਾਈ ਵਧਾਓ, ਕਮਾਈ ਘਟਾਓ’ ਦਾ ਮਾਡਲ ਲਾਗੂ ਕੀਤਾ ਹੈ |’ ਉਨ੍ਹਾ ਇੱਕ ਗ੍ਰਾਫ ਵੀ ਸਾਂਝਾ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ 2015-16 ਵਿੱਚ ਈ ਪੀ ਐੱਫ ‘ਤੇ ਵਿਆਜ ਦਰ 8.8 ਫੀਸਦੀ ਸੀ, ਜੋ ਹੁਣ ਘਟ ਕੇ 8.1 ਫੀਸਦੀ ‘ਤੇ ਆ ਗਈ ਹੈ |