ਕਾਬੁਲ : ਵਿਦਿਆਰਥਣਾਂ ਨੂੰ ਵਿਦਿਅਕ ਇੰਸਟੀਚਿਊਸ਼ਨਾਂ ਵਿਚ ਪੜ੍ਹਨ ਤੋਂ ਰੋਕਣ ਦੇ ਤਾਲਿਬਾਨ ਦੇ ਫਰਮਾਨ ਖਿਲਾਫ ਅਫਗਾਨਿਸਤਾਨ ਵਿਚ ਵਿਦਿਆਰਥੀ ਤੇ ਪ੍ਰੋਫੈਸਰ ਨਿੱਤਰ ਆਏ ਹਨ | ਕਈ ਯੂਨੀਵਰਸਿਟੀਆਂ ਵਿਚ ਉਹ ਵਾਕਆਊਟ ਕਰ ਗਏ | ਇਸ ਤੋਂ ਪਹਿਲਾਂ ਤਾਲਿਬਾਨ ਦੇ ਸਿੱਖਿਆ ਮੰਤਰੀ ਨਿਦਾ ਮੁਹੰਮਦ ਨਦੀਮ ਨੇ ਹਕੂਮਤ ਦੇ ਫੈਸਲੇ ਨੂੰ ਇਹ ਕਹਿੰਦਿਆਂ ਜਾਇਜ਼ ਠਹਿਰਾਇਆ ਸੀ ਕਿ ਉਨ੍ਹਾਂ ਵਿਦਿਆਰਥਣਾਂ ਨੂੰ ਢੁੱਕਵਾਂ ਹਿਜਾਬ ਪਾਉਣ ਲਈ ਕਿਹਾ ਸੀ, ਪਰ ਉਹ ਨਹੀਂ ਮੰਨੀਆਂ ਅਤੇ ਅਜਿਹੇ ਲਿਬਾਸ ਪਾ ਕੇ ਆ ਰਹੀਆਂ ਸਨ ਕਿ ਜਿਵੇਂ ਵਿਆਹ ‘ਤੇ ਚੱਲੀਆਂ ਹੋਣ | ਇਸ ਤੋਂ ਇਲਾਵਾ ਕੁੜੀਆਂ ਖੇਤੀਬਾੜੀ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀਆਂ ਹਨ, ਜੋ ਅਫਗਾਨ ਕਲਚਰ ਨਾਲ ਮੇਲ ਨਹੀਂ ਖਾਂਦੀ | ਕੁੜੀਆਂ ਨੂੰ ਪੜ੍ਹਨਾ ਚਾਹੀਦਾ ਹੈ, ਪਰ ਇਸਲਾਮ ਵਿਰੋਧੀ ਤੇ ਅਫਗਾਨੀ ਗੈਰਤ ਵਿਰੋਧੀ ਪੜ੍ਹਾਈ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ | ਉਸ ਨੇ ਇਹ ਵੀ ਕਿਹਾ ਕਿ ਨਵਾਂ ਫਰਮਾਨ ਯੂਨੀਵਰਸਿਟੀਆਂ ਵਿਚ ਮੁੰਡਿਆਂ ਤੇ ਕੁੜੀਆਂ ਨੂੰ ਮਿਲਣ-ਗਿਲਣ ਤੋਂ ਰੋਕਣ ਲਈ ਹੈ |
ਦੇਸ਼ ਭਰ ਵਿਚ ਕਰੀਬ 60 ਪ੍ਰੋਫੈਸਰਾਂ ਨੇ ਅਸਤੀਫੇ ਦੇ ਦਿੱਤੇ ਹਨ ਤੇ ਮੁੰਡੇ ਵੀ ਕੁੜੀਆਂ ਦੇ ਹੱਕ ਵਿਚ ਜਮਾਤਾਂ ਵਿੱਚੋਂ ਬਾਹਰ ਆ ਗਏ | ਕਾਬੁਲ ਯੂਨੀਵਰਸਿਟੀ ਦੇ ਓਬੈਦਉਲ੍ਹਾ ਵਾਰਡਾਕ ਨੇ ਕਿਹਾ, ਮੈਂ 10 ਸਾਲ ਤੋਂ ਵੱਧ ਯੂਨੀਵਰਸਿਟੀ ਦਾ ਵਿਦਿਆਰਥੀ ਤੇ ਐਸੋਸੀਏਟ ਪ੍ਰੋਫੈਸਰ ਰਿਹਾ | ਤਾਲਿਬਾਨ ਦੇ ਫੈਸਲੇ ਨੇ ਮੈਨੂੰ ਠੇਸ ਪਹੁੰਚਾਈ ਹੈ | ਅਸਤੀਫਾ ਦੇਣ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਬਦਲ ਨਹੀਂ ਸੀ |





