ਹਾਈਟੈੱਕ ਡਰੋਨ ਤੇ 10 ਕਿੱਲੋ ਹੈਰੋਇਨ ਸਮੇਤ 2 ਗਿ੍ਫ਼ਤਾਰ

0
333

ਚੰਡੀਗੜ੍ਹ/ਅੰਮਿ੍ਤਸਰ
(ਗੁਰਜੀਤ ਬਿੱਲਾ, ਨਰਿੰਦਰਜੀਤ)
ਅੰਮਿ੍ਤਸਰ ‘ਚ ਦਿਹਾਤੀ ਪੁਲਸ ਨੇ 10 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਹਾਈਟੈੱਕ ਡਰੋਨ ਸਮੇਤ ਦੋ ਮੁੱਖ ਮੁਲਜ਼ਮਾਂ ਦੀ ਗਿ੍ਫ਼ਤਾਰੀ ਨਾਲ ਨਸ਼ਾ ਤਸਕਰੀ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ | ਫੜੇ ਗਏ ਤਸਕਰਾਂ ਦੀ ਪਛਾਣ ਦਲਬੀਰ ਅਤੇ ਜਗਦੀਸ਼ ਦੋਵੇਂ ਵਾਸੀ ਅੰਮਿ੍ਤਸਰ, ਘਰਿੰਡਾ ਵਜੋਂ ਹੋਈ ਹੈ, ਜੋ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ ਅਤੇ ਉਨ੍ਹਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ | ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਐੱਸ ਐੱਸ ਪੀ ਸਵਪਨ ਸ਼ਰਮਾ ਦੀ ਅਗਵਾਈ ‘ਚ ਅੰਮਿ੍ਤਸਰ ਦਿਹਾਤੀ ਪੁਲਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੇ ਇਸ ਗਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜੋ ਕਿ ਡਰੋਨਾਂ ਦੀ ਮਦਦ ਨਾਲ ਸਰਹੱਦ ਪਾਰੋਂ ਨਸ਼ਾ ਮੰਗਵਾ ਕੇ ਇਸ ਦੀ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਤਸਕਰੀ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਦੋਵਾਂ ਤਸਕਰਾਂ ਤੋਂ ਬਰਾਮਦ ਕੀਤਾ ਗਿਆ ਅਮਰੀਕਾ ਦਾ ਆਧੁਨਿਕ ਡਰੋਨ ਡੀ ਜੇ ਆਈ ਸੀਰੀਜ ਦਾ ਡਰੋਨ ਹੈ, ਜਿਸ ਦੀ ਕੀਮਤ 20 ਲੱਖ ਰੁਪਏ ਹੈ ਅਤੇ ਹਾਈ-ਟੈਕ ਵਿਸ਼ੇਸ਼ਤਾਵਾਂ ਜਿਵੇਂ ਲੰਬੇ ਸਮੇਂ ਤੱਕ ਚੱਲਣ ਵਾਲਾ ਬੈਟਰੀ ਬੈਕਅੱਪ ਅਤੇ ਇਨਫਰਾਰੈੱਡ ਆਧਾਰਤ ਨਾਈਟ ਵਿਜਨ ਕੈਮਰਾ ਜਿਹੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ | ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਇਹ ਅਜਿਹਾ ਪੰਜਵਾਂ ਡਰੋਨ ਬਰਾਮਦ ਹੋਇਆ ਹੈ | ਇਹ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਤਸਕਰ ਨਸੀਲੇ ਪਦਾਰਥਾਂ ਦੀ ਤਸਕਰੀ ਲਈ ਬਦਲਵੇਂ ਢੰਗ ਤਰੀਕੇ ਵਰਤ ਕੇ ਗਿ੍ਫਤਾਰੀ ਤੋਂ ਬਚ ਰਹੇ ਸਨ |
ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੀਆਂ ਮੱਛੀਆਂ ਦਾ ਗੁਆਂਢੀ ਰਾਜਾਂ ‘ਚ ਚੰਗੀ ਤਰ੍ਹਾਂ ਸਥਾਪਤ ਵੰਡ ਨੈੱਟਵਰਕ ਸੀ, ਜਿਸ ਦੀ ਪਛਾਣ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਹਰਿਆਣਾ ਅਤੇ ਦਿੱਲੀ ਵਿੱਚ 12 ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ, ਜਿਸ ਨਾਲ ਹੋਰ ਨਸ਼ਾ ਬਰਾਮਦ ਹੋਣ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਅੰਮਿ੍ਤਸਰ ਦਿਹਾਤੀ ਪੁਲਸ ਨੇ ਪਿਛਲੇ ਪੰਜ ਮਹੀਨਿਆਂ ‘ਚ 39 ਕਿਲੋ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ | ਦੂਜੀ ਸੁਰੱਖਿਆ ਪੰਕਤੀ ਦੇ ਨਾਲ ਸਖਤ ਚੌਕਸੀ ਅਤੇ ਬੀ ਐੱਸ ਐੱਫ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਦੇ ਨਤੀਜੇ ਵਜੋਂ ਇਹ ਵੱਡੀਆਂ ਬਰਾਮਦਗੀਆਂ ਹੋਈਆਂ ਹਨ |

LEAVE A REPLY

Please enter your comment!
Please enter your name here