ਵਾਸ਼ਿੰਗਟਨ : ਅਮਰੀਕਾ ਦੇ ਹੇਠਲੇ ਸਦਨ ਭਾਵ ਹਾਊਸ ਆਫ ਰਿਪ੍ਰਜੈਂਟੇਟਿਵ ‘ਚ ਸਪੀਕਰ ਦੀ ਚੋਣ ਲਈ ਲਗਾਤਾਰ 15 ਵਾਰ ਵੋਟਿੰਗ ਹੋਈ, ਜਿਸ ਤੋਂ ਬਾਅਦ ਕੇਵਿਨ ਮੈਕਕਾਰਥੀ ਨੂੰ ਸਪੀਕਰ ਚੁਣਿਆ ਗਿਆ | ਅਜਿਹਾ ਅਮਰੀਕਾ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ, ਜਦੋਂ ਏਨੇ ਦਿਨ ਲਗਾਤਾਰ ਸਪੀਕਰ ਦੀ ਚੋਣ ਲਈ ਵੋਟਿੰਗ ਹੋਈ ਹੈ |
ਇਸ ਦੌਰਾਨ ਸਦਨ ਦੇ ਇੱਕ ਮੈਂਬਰ ਮੈਟ ਗੈਜੇਟ ਨੇ ਸਪੀਕਰ ਲਈ ਡੋਨਾਲਡ ਟਰੰਪ ਦਾ ਨਾਂਅ ਅੱਗੇ ਰੱਖਿਆ | ਰਿਪਬਲਿਕਨ ਪਾਰਟੀ ਦੇ ਕੇਵਿਨ ਮੈਕਕਾਰਥੀ ਨੂੰ ਚੁਣਨ ਲਈ ਚਾਰ ਦਿਨਾਂ ‘ਚ 15 ਗੇੜਾਂ ਦੀ ਵੋਟਿੰਗ ਹੋਈ | ਇਸ ਵਿਚ ਉਨ੍ਹਾਂ ਨੂੰ 428 ‘ਚੋਂ 216 ਵੋਟਾਂ ਮਿਲੀਆਂ, ਜਦਕਿ 212 ਮੈਂਬਰਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਕੀਮ ਜੈਫਰੀਜ ਨੂੰ ਵੋਟ ਦਿੱਤੀ | ਰਾਸ਼ਟਰਪਤੀ ਜੋਅ ਬਿਡੇਨ ਨੇ ਮੈਕਕਾਰਥੀ ਨੂੰ ਸਪੀਕਰ ਚੁਣੇ ਜਾਣ ਤੋਂ ਬਾਅਦ ਵਧਾਈ ਦਿੱਤੀ | ਅਮਰੀਕੀ ਪ੍ਰਤੀਨਿਧੀ ਸਭਾ ‘ਚ ਹਾਲ ਹੀ ‘ਚ ਹੋਈਆਂ ਮੱਧਕਾਲੀ ਚੋਣਾਂ ‘ਚ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਬਹੁਮਤ ਮਿਲਿਆ ਹੈ | 435 ਸੀਟਾਂ ‘ਚੋਂ ਰਿਪਬਲਿਕਨ ਪਾਰਟੀ ਨੂੰ 222 ਸੀਟਾਂ ਮਿਲੀਆਂ, ਜਦਕਿ ਡੈਮੋਕ੍ਰੇਟਿਕ ਪਾਰਟੀ ਨੂੰ ਸਿਰਫ 213 ਸੀਟਾਂ ਮਿਲੀਆਂ | ਅਜਿਹੇ ‘ਚ ਮੰਨਿਆ ਜਾ ਰਿਹਾ ਸੀ ਕਿ ਰਿਪਬਲਿਕਨ ਪਾਰਟੀ ਆਸਾਨੀ ਨਾਲ ਆਪਣਾ ਸਪੀਕਰ ਚੁਣ ਲਵੇਗੀ | ਹਾਲਾਂਕਿ, ਅਜਿਹਾ ਨਹੀਂ ਹੋ ਰਿਹਾ ਸੀ | ਪਾਰਟੀ ਖੁਦ ਆਪਣੇ ਉਮੀਦਵਾਰ ਕੇਵਿਨ ਮੈਕਕਾਰਥੀ ਨੂੰ ਸਪੀਕਰ ਵਜੋਂ ਚੁਣਨ ਲਈ ਇਕਜੁੱਟ ਨਹੀਂ ਸੀ | ਡੈਮੋਕਰੇਟਸ ਦੀ ਹਾਰ ਤੋਂ ਬਾਅਦ ਨੈਨਸੀ ਪੇਲੋਸੀ ਨੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ |


