ਚੰਡੀਗੜ੍ਹ (ਗੁਰਜੀਤ ਬਿੱਲਾ)-ਸਮਾਜ ਵਿੱਚੋਂ ਭਿ੍ਸ਼ਟਾਚਾਰ ਨੂੰ ਜੜੋ੍ਹਾ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ 129 ਕੇਸਾਂ ਵਿੱਚ ਕੁੱਲ 172 ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ, ਜਿਨ੍ਹਾਂ ਵਿੱਚ 83 ਮੁਲਜ਼ਮ 65 ਟਰੈਪ ਕੇਸਾਂ ਵਿੱਚ ਅਤੇ 64 ਆਨਲਾਈਨ ਸ਼ਿਕਾਇਤਾਂ ਦੇ ਅਧਾਰ ‘ਤੇ ਕਾਬੂ ਕੀਤੇ 89 ਵਿਅਕਤੀ ਸ਼ਾਮਲ ਹਨ | ਬਿਊਰੋ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਭਿ੍ਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪਿਛਲੇ ਸਾਲ ਰਿਸ਼ਵਤਖੋਰੀ ਦੇ ਕੇਸ ਦਰਜ ਕਰਨ, ਭਿ੍ਸ਼ਟਾਚਾਰ ਵਿੱਚ ਸ਼ਾਮਲ ਮੁਲਜ਼ਮਾਂ ਦੀ ਗਿ੍ਫਤਾਰੀ, ਅਪਰਾਧਕ ਕੇਸ ਦਰਜ ਕਰਨ ਅਤੇ ਗਿ੍ਫਤਾਰੀਆਂ ਕਰਨ ਤੋਂ ਇਲਾਵਾ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਵਿਜੀਲੈਂਸ ਪੜਤਾਲਾਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਖਿਲਾਫ ਪੜਤਾਲਾਂ ਦਰਜ ਕਰਨ ਵਿੱਚ ਵੀ ਰਿਕਾਰਡ ਸਥਾਪਤ ਕੀਤਾ ਹੈ |
ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ-ਕਮ-ਏ ਡੀ ਜੀ ਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰਾਂ ਨੂੰ ਨੱਥ ਪਾਉਣ ਅਤੇ ਇਸ ਸਮਾਜਕ ਬੁਰਾਈ ਨੂੰ ਜੜੋ੍ਹਾ ਖਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਇੱਕ ਬਹੁਪੱਖੀ ਪਹੁੰਚ ਅਪਣਾਈ ਹੈ, ਤਾਂ ਜੋ ਇੱਕ ਰੰਗਲੇ ਤੇ ਸੁਰੱਖਿਅਤ ਪੰਜਾਬ ਦੀ ਸਿਰਜਣਾ ਨੂੰ ਅੰਜਾਮ ਦੇਣ ਦੀ ਪੰਜਾਬ ਸਰਕਾਰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਵਾਲੀ ਵਚਨਬੱਧਤਾ ਨੂੰ ਹੋਰ ਦਿ੍ੜ੍ਹਤਾ ਪ੍ਰਦਾਨ ਕੀਤੀ ਜਾ ਸਕੇ | ਪਿਛਲੇ ਸਾਲ ਦੌਰਾਨ ਹੋਰਨਾਂ ਵਿਭਾਗਾਂ ਤੋਂ ਇਲਾਵਾ 1 ਜਨਵਰੀ 2022 ਤੋਂ 31 ਦਸੰਬਰ 2022 ਤੱਕ ਪੰਜਾਬ ਪੁਲਸ ਦੇ 30 ਮੁਲਾਜ਼ਮ, ਮਾਲ ਵਿਭਾਗ ਦੇ 13, ਬਿਜਲੀ ਵਿਭਾਗ ਦੇ 5 ਅਤੇ ਸਥਾਨਕ ਸਰਕਾਰਾਂ ਵਿਭਾਗ ਦੇ 4 ਮੁਲਾਜ਼ਮਾਂ ਨੂੰ ਰਿਸਵਤ ਲੈਂਦਿਆਂ ਰੰਗੇਹੱਥੀਂ ਕਾਬੂ ਕੀਤਾ ਗਿਆ |
ਉਨ੍ਹਾ ਦੁਹਰਾਇਆ ਕਿ ਭਿ੍ਸ਼ਟਾਚਾਰ ਨੂੰ ਹਰ ਰੂਪ ਵਿੱਚ ਖਤਮ ਕਰਨਾ ਅਤੇ ਸੂਬੇ ਦੀ ਸ਼ਾਸਨ ਪ੍ਰਣਾਲੀ ‘ਤੇ ਇਸ ਦੇ ਮਾੜੇ ਪ੍ਰਭਾਵ ਨੂੰ ਖਤਮ ਕਰਨਾ ਹੀ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ | ਲੋਕਾਂ ਨੂੰ ਅੱਗੇ ਆਉਣ ਅਤੇ ਰਾਜ ਦੇ ਜਨਤਕ ਦਫਤਰਾਂ ਵਿੱਚ ਭਿ੍ਸ਼ਟਾਚਾਰ ਦੀ ਸੂਚਨਾ ਦੇਣ ਨੂੰ ਉਤਸ਼ਾਹਤ ਕਰਨ ਲਈ ਇਸ ਨੂੰ ਲਾਗੂ ਕਰਨ ਖਾਤਰ ਮੁੱਖ ਮੰਤਰੀ ਨੇ ਪਿਛਲੇ ਸਾਲ 23 ਮਾਰਚ ਨੂੰ ਮੁੱਖ ਮੰਤਰੀ ਭਿ੍ਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਸੀ, ਜਿਸ ਦੇ ਸਾਕਾਰਤਮਕ ਨਤੀਜੇ ਸਾਹਮਣੇ ਆਏ ਹਨ |
371 ਮੁਲਜ਼ਮਾਂ ਖਿਲਾਫ 135 ਅਪਰਾਧਕ ਮਾਮਲੇ ਦਰਜ : ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ 371 ਮੁਲਜ਼ਮਾਂ ਵਿਰੁੱਧ 135 ਅਪਰਾਧਕ ਕੇਸ ਦਰਜ ਕੀਤੇ ਹਨ, ਜਿਨਾਂ ਵਿੱਚ 35 ਗਜ਼ਟਿਡ ਅਫਸਰ, 163 ਨਾਨ-ਗਜ਼ਟਿਡ ਅਫਸਰ ਅਤੇ 173 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ | ਇਸ ਤੋਂ ਇਲਾਵਾ ਪਿਛਲੇ ਸਾਲ ਭਿ੍ਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ 139 ਸ਼ੱਕੀ ਵਿਅਕਤੀਆਂ ਵਿਰੁੱਧ 103 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ, ਜਿਨ੍ਹਾਂ ਵਿੱਚ 35 ਗਜ਼ਟਿਡ ਅਫਸਰ, 58 ਨਾਨ-ਗਜ਼ਟਿਡ ਅਫਸਰ ਅਤੇ 46 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ | ਇਸ ਤੋਂ ਇਲਾਵਾ ਇੱਕ ਗਜ਼ਟਿਡ ਅਫਸਰ ਅਤੇ ਨਾਨ-ਗਜ਼ਟਿਡ ਅਫਸਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ 2 ਕੇਸ ਵੀ ਦਰਜ ਕੀਤੇ ਗਏ |
2 ਨਾਨ-ਗਜ਼ਟਿਡ ਅਫਸਰ ਬਰਖਾਸਤ : ਉਨ੍ਹਾ ਕਿਹਾ ਕਿ ਭਿ੍ਸ਼ਟਾਚਾਰ ਦੇ ਸਾਰੇ ਰੂਪਾਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਉਂਦੇ ਹੋਏ ਵੱਖ-ਵੱਖ ਅਦਾਲਤਾਂ ਵਿੱਚ ਦੋਸ਼ੀ ਠਹਿਰਾਏ ਜਾਣ ਕਾਰਨ 2 ਨਾਨ-ਗਜ਼ਟਿਡ ਅਫਸਰਾਂ ਨੂੰ ਉਨ੍ਹਾਂ ਦੇ ਸੰਬੰਧਤ ਪ੍ਰਸ਼ਾਸਨਿਕ ਵਿਭਾਗਾਂ ਦੁਆਰਾ ਉਨ੍ਹਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ | ਵਿਜੀਲੈਂਸ ਮੁਖੀ ਨੇ ਦੱਸਿਆ ਕਿ ਬਿਊਰੋ ਪਿਛਲੇ ਸਾਲ ਦੌਰਾਨ 39 ਵਿਜੀਲੈਂਸ ਪੜਤਾਲਾਂ ਨੂੰ ਅੰਜਾਮ ਦੇਣ ਵਿੱਚ ਸਫਲਤਾ ਹਾਸਲ ਕੀਤੀ | ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਭਿ੍ਸ਼ਟਾਚਾਰ ਦੇ ਵੱਖ-ਵੱਖ ਤਰੀਕਿਆਂ ਦੀ ਪਛਾਣ ਕਰਨ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼/ ਸੁਝਾਅ ਵੀ ਜਾਰੀ ਕੀਤੇ ਸਨ |
30 ਦੋਸ਼ੀਆਂ ਨੂੰ ਸਜ਼ਾ ਸੁਣਾਈ : ਵਰਿੰਦਰ ਕੁਮਾਰ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਦਰਜ 19 ਵੱਖ-ਵੱਖ ਵਿਜੀਲੈਂਸ ਕੇਸਾਂ ਵਿੱਚ ਦੋਸ਼ੀ 2 ਗਜ਼ਟਿਡ ਅਫਸਰ, 18 ਨਾਨ-ਗਜ਼ਟਿਡ ਅਫਸਰਾਂ ਅਤੇ 10 ਪ੍ਰਾਈਵੇਟ ਵਿਅਕਤੀਆਂ ਨੂੰ ਪੰਜ ਸਾਲ ਤੱਕ ਦੀ ਸਜ਼ਾ ਸੁਣਾਈ ਹੈ | ਵਿਸ਼ੇਸ਼ ਅਦਾਲਤਾਂ ਨੇ 5,000 ਤੋਂ 33,00,000 ਰੁਪਏ ਦੇ ਵੱਖ-ਵੱਖ ਜੁਰਮਾਨੇ ਵੀ ਲਗਾਏ, ਜੋ ਕੁੱਲ ਰਕਮ 37,90,000, ਬਣਦੀ ਹੈ | ਉਨ੍ਹਾ ਦੱਸਿਆ ਕਿ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਵਿਜੀਲੈਂਸ ਬਿਊਰੋ ਨੇ ਇੱਕ ਰਾਜ ਵਿਆਪੀ ਮੁਹਿੰਮ ਵੀ ਚਲਾਈ, ਜਿਸ ਦੌਰਾਨ ਸਮਾਜ ਵਿੱਚੋਂ ਭਿ੍ਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸੈਮੀਨਾਰ ਅਤੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਅਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਵੀ ਚੁਕਾਈ ਗਈ |
ਗਿ੍ਫਤਾਰ ਕੀਤੇ ਪ੍ਰਮੁੱਖ ਵਿਅਕਤੀ : ਪ੍ਰਮੁੱਖ ਮਾਮਲਿਆਂ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁਖੀ ਨੇ ਦੱਸਿਆ ਕਿ ਚਾਰ ਸਾਬਕਾ ਮੰਤਰੀ—ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਅੰਮਿ੍ਤਸਰ ਦਿਨੇਸ਼ ਬੱਸੀ, ਸੰਜੇ ਪੋਪਲੀ ਆਈ ਏ ਐੱਸ, ਮੁੱਖ ਵਣਪਾਲ ਪਰਵੀਨ ਕੁਮਾਰ, ਆਈ ਐੱਫ ਐੱਸ ਵਣਪਾਲ ਵਿਸ਼ਾਲ ਚੌਹਾਨ, ਆਈ ਐੱਫ ਐੱਸ ਅਤੇ ਅਮਿਤ ਚੌਹਾਨ, ਆਈ ਐੱਫ ਐੱਸ, ਡੀ ਐੱਫ ਓ. ਗੁਰਅਮਨਪ੍ਰੀਤ ਸਿੰਘ, ਠੇਕੇਦਾਰ ਹਰਮਿੰਦਰ ਸਿੰਘ ਹੰਮੀ, ਏ ਆਈ ਜੀ ਅਸ਼ੀਸ਼ ਕਪੂਰ, ਪੀ ਪੀ ਐੱਸ, ਜਨਰਲ ਮੈਨੇਜਰ ਪਨਸਪ ਨਵੀਨ ਕੁਮਾਰ ਗਰਗ, ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਸ੍ਰੀਮਤੀ ਨਿਰਮਲਾ ਅਤੇ ਪਲਟੂਨ ਕਮਾਂਡਰ ਅਨਮੋਲ ਮੋਤੀ, ਈ ਟੀ ਓ ਸੰਦੀਪ ਸਿੰਘ ਅਤੇ ਠੇਕੇਦਾਰ ਤੇਲੂ ਰਾਮ, ਯਸ਼ਪਾਲ ਅਤੇ ਅਜੈਪਾਲ ਵਿਰੁੱਧ ਸਾਲ ਦੌਰਾਨ ਵੱਖ-ਵੱਖ ਕੇਸ ਦਰਜ ਕਰਕੇ ਗਿ੍ਫਤਾਰ ਕੀਤਾ ਗਿਆ |
3,72,175 ਸ਼ਿਕਾਇਤਾਂ ਮਿਲੀਆਂ : ਆਮ ਲੋਕਾਂ ਲਈ ਮੁੱਖ ਮੰਤਰੀ ਭਿ੍ਸ਼ਟਾਚਾਰ ਰੋਕੂ ਐਕਸ਼ਨ ਲਾਈਨ ਸਹੂਲਤ ਦੀ ਸਫਲਤਾ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾ ਦੱਸਿਆ ਕਿ ਪਿਛਲੇ ਸਾਲ ਕੁੱਲ 3,72,175 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 6,407 ਸ਼ਿਕਾਇਤਾਂ ਆਡੀਓ/ ਵੀਡੀਓ ਰਿਕਾਰਡਿੰਗ ਸਮੇਤ 294 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਬਾਰੇ ਪ੍ਰਾਪਤ ਹੋਈਆਂ ਹਨ | ਉਨ੍ਹਾ ਦੱਸਿਆ ਕਿ ਪ੍ਰਾਪਤ ਹੋਈਆਂ ਆਨਲਾਈਨ ਸ਼ਿਕਾਇਤਾਂ ਦੇ ਅਧਾਰ ‘ਤੇ 26 ਨਾਗਰਿਕਾਂ, 27 ਪੁਲਸ ਮੁਲਾਜ਼ਮਾਂ ਅਤੇ 29 ਸਿਵਲ ਵਿਭਾਗਾਂ ਦੇ ਕਰਮਚਾਰੀਆਂ ਵਿਰੁੱਧ 64 ਮੁਕੱਦਮੇ ਦਰਜ ਕੀਤੇ ਗਏ, ਜਿਸ ਵਿੱਚ 89 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ | ਇਸ ਤੋਂ ਇਲਾਵਾ 2970 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਤ ਪਾਈਆਂ ਗਈਆਂ, ਜੋ ਸੰਬੰਧਤ ਵਿਭਾਗਾਂ ਨੂੰ ਭੇਜ ਦਿੱਤੀਆਂ ਗਈਆਂ ਹਨ | ਕੁੱਲ 3143 ਸ਼ਿਕਾਇਤਾਂ ਅਪ੍ਰਸੰਗਿਕ, ਜੰਕ ਪੋਸਟਾਂ ਆਦਿ ਪਾਈਆਂ ਗਈਆਂ, ਜੋ ਕਿ ਆਮ ਸਨ |




