ਕੈਲੀਫੋਰਨੀਆ : ਵਿਗਿਆਨਕਾਂ ਨੂੰ ਕੈਂਸਰ ਦੇ ਇਲਾਜ ‘ਚ ਵੱਡੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ | ਹਾਲ ਹੀ ‘ਚ ਰੈਕਟਲ ਕੈਂਸਰ ਦੇ ਕੁਝ ਮਰੀਜ਼ਾਂ ‘ਤੇ ਡੌਸਟਰਲਿਮੈਬ ਦਿਵਾਈ ਦਾ ਕਲੀਨਿਕ ਟਰਾਇਲ ਕੀਤਾ ਗਿਆ | ਇਸ ਨਾਲ ਸਿਰਫ਼ 6 ਮਹੀਨੇ ‘ਚ ਹੀ ਕੈਂਸਰ ਦਾ ਟਿਊਮਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ | ਇਹ ਖੋਜ ਨਿਊ ਇੰਗਲੈਂਡ ਜਨਰਲ ਆਫ਼ ਮੈਡੀਸਨ ‘ਚ ਪ੍ਰਕਾਸ਼ਿਤ ਹੋਈ ਹੈ |
ਖੋਜ ਦੇ ਲੇਖਕ ਡਾ. ਲੁਇਸ ਏ ਡਿਆਜ ਦਾ ਕਹਿਣਾ ਹੈ ਕਿ ਕੈਂਸਰ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਦਵਾਈ ਨਾਲ ਸਾਰੇ ਮਰੀਜ਼ ਠੀਕ ਹੋਏ | ਅੱਜ ਤੱਕ ਇਸ ਤਰ੍ਹਾਂ ਦੀ ਕੋਈ ਦਵਾਈ ਜਾਂ ਇਲਾਜ ਨਹੀਂ ਬਣਿਆ, ਜਿਸ ਨਾਲ ਕੈਂਸਰ ਦਾ ਸਫਾਇਆ ਹੋ ਜਾਵੇ | ਚਾਹੇ ਇਹ ਖੋਜ ਛੋਟੀ ਹੈ, ਪਰ ਇਸ ਜਾਨਲੇਵਾ ਬਿਮਾਰੀ ਖਿਲਾਫ਼ ਵੱਡੀ ਕਾਮਯਾਬੀ ਹੈ | ਉਥੇ ਹੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਡਾ. ਐਲਨ ਪੀ ਵਿਨੂਕ ਨੇ ਕਿਹਾ ਕਿ ਕਿਸੇ ਕੈਂਸਰ ਖੋਜ ‘ਚ ਹਰ ਇੱਕ ਮਰੀਜ਼ ਦਾ ਠੀਕ ਹੋ ਜਾਣਾ ਆਪਣੇ-ਆਪ ‘ਚ ਨਵੀਂ ਗੱਲ ਹੈ | ਟਰਾਇਲ ‘ਚ ਅਮਰੀਕਾ ‘ਚ ਰਹਿਣ ਵਾਲੇ 18 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ | ਇਹ ਸਾਰੇ ਕੈਂਸਰ ਦੀ ਸਮਾਨ ਸਟੇਜ ‘ਤੇ ਸਨ | ਵਿਗਿਆਨਕਾਂ ਨੇ ਇਨ੍ਹਾਂ ਨੂੰ 6 ਮਹੀਨੇ ਤੱਕ ਲਗਾਤਾਰ ਡੌਸਟਰਲਿਮੈਬ ਦਾ ਡੋਜ਼ ਦਿੱਤਾ | ਹਰ ਡੋਜ਼ 3 ਹਫ਼ਤੇ ਤੋਂ ਬਾਅਦ ਦਿੱਤਾ ਗਿਆ | 12 ਮਹੀਨੇ ਬਾਅਦ ਮਰੀਜ਼ਾਂ ਦੇ ਸਰੀਰ ‘ਚੋਂ ਟਿਊਮਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਸੀ | ਐਂਡੋਸਕੋਪੀ, ਪੀ ਏ ਟੀ ਸਕੈਨ ਅਤੇ ਐੱਮ ਆਰ ਆਈ ਸਕੈਨ ‘ਚ ਵੀ ਟਿਊਮਰ ਦਾ ਨਾਮੋਨਿਸ਼ਾਨ ਨਹੀਂ ਮਿਲਿਆ | ਅਗਲੇ ਦੋ ਸਾਲ ਚੈੱਕਅਪ ਕਰਨ ‘ਤੇ ਵੀ ਸਾਰੇ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਮਿਲੇ | ਡੌਸਟਰਲਿਮੈਬ ਲੈਬ ‘ਚ ਬਣਾਇਆ ਜਾਣ ਵਾਲਾ ਇੱਕ ਇਸ ਤਰ੍ਹਾਂ ਡਰੱਗ ਹੈ, ਜੋ ਇਨਸਾਨ ਦੇ ਸਰੀਰ ‘ਚ ਐਂਟੀਬਾਡੀਜ਼ ਦੇ ਵਿਕਲਪ ਦੀ ਤਰ੍ਹਾਂ ਕੰਮ ਕਰਦਾ ਹੈ | ਕੈਂਸਰ ਨਾਲ ਜੂਝ ਰਹੇ ਲੋਕਾਂ ਦਾ ਇਮਿਊਨ ਸਿਸਟਮ ਕਾਫ਼ੀ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਐਂਟੀਬਾਡੀਜ਼ ਦਾ ਲੈਵਲ ਵੀ ਘੱਟ ਹੋ ਜਾਂਦਾ ਹੈ | ਇਸ ‘ਚ ਬਿਮਾਰੀ ਨਾਲ ਲੜਨ ਲਈ ਬਾਹਰੀ ਦਵਾਈ ਦੀ ਜ਼ਰੂਰਤ ਪੈਂਦੀ ਹੈ |



