ਨਵੀਂ ਦਿੱਲੀ : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੌਮੀ ਪੱਧਰ ‘ਤੇ ਗੈਰ-ਭਾਜਪਾ ਫਰੰਟ ਬਣਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਕਾਂਗਰਸ ਨੇ ਐਤਵਾਰ ਸਾਫ ਸੰਕੇਤ ਦਿੱਤਾ ਕਿ ਉਹ ਹੀ ਜਥੇਬੰਦਕ ਤੇ ਇਖਲਾਕੀ ਤੌਰ ‘ਤੇ ਭਾਜਪਾ ਖਿਲਾਫ ਅਗਵਾਈ ਕਰਨ ਦਾ ਮਾਦਾ ਰੱਖਦੀ ਹੈ |
ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਵਿਚ ਪਾਰਟੀ ਦੇ 24 ਤੋਂ 26 ਫਰਵਰੀ ਤਕ ਹੋਣ ਵਾਲੇ 85ਵੇਂ ਪਲੈਨਰੀ ਸੈਸ਼ਨ ਤੋਂ ਪਹਿਲਾਂ ਇਸਦੇ ਆਗੂਆਂ ਨੇ ਐਤਵਾਰ ਇਥੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਰਾਇਪੁਰ ਵਿਚ ਅਪੋਜ਼ੀਸ਼ਨ ਏਕਤਾ ਉੱਤੇ ਵਿਚਾਰ ਕੀਤੀ ਜਾਵੇਗੀ ਤੇ ਸਿਆਸੀ ਮਤੇ ਵਿਚ ਇਸਦਾ ਜ਼ਿਕਰ ਕੀਤਾ ਜਾਵੇਗਾ | ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਾਕਤਵਰ ਕਾਂਗਰਸ ਤੋਂ ਬਿਆਨ ਤਾਕਤਵਰ ਅਪੋਜ਼ੀਸ਼ਨ ਏਕਤਾ ਅਸੰਭਵ ਹੈ |
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਸ਼ਨੀਵਾਰ ਇਹ ਕਹਿਣ ਕਿ ਉਹ ਅਪੋਜ਼ੀਸ਼ਨ ਨੂੰ ਇਕੱਠੀ ਕਰਨ ਲਈ ਕਾਂਗਰਸ ਦਾ ਇਸ਼ਾਰਾ ਉਡੀਕ ਰਹੇ ਹਨ, ਜੇ ਅਜਿਹਾ ਹੋ ਜਾਂਦਾ ਹੈ ਤਾਂ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿਚ 100 ਸੀਟਾਂ ਤਕ ਸਿਮਟ ਜਾਵੇਗੀ, ਦੇ ਸੰਦਰਭ ਵਿਚ ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਤਾਕਤਵਰ ਅਪੋਜ਼ੀਸ਼ਨ ਏਕਤਾ ਤਾਕਤਵਰ ਕਾਂਗਰਸ ਤੋਂ ਬਿਨਾਂ ਅਸੰਭਵ ਹੈ | ਅਸੀਂ ਪਲੈਨਰੀ ਸੈਸ਼ਨ ਵਿਚ ਲੋਕ ਸਭਾ ਚੋਣਾਂ ਅਤੇ ਉਸ ਤੋਂ ਪਹਿਲਾਂ ਹੋਣ ਵਾਲੀਆਂ ਅਸੰਬਲੀ ਚੋਣਾਂ ਵਿਚ ਚੋਣਾਂ ਤੋਂ ਪਹਿਲੇ ਤੇ ਬਾਅਦ ਦੇ ਗੱਠਜੋੜਾਂ ਬਾਰੇ ਵਿਚਾਰ ਕਰਾਂਗੇ | ਸਾਡਾ ਬਿਹਾਰ, ਝਾਰਖੰਡ ਤੇ ਉੱਤਰ-ਪੂਰਬ ਵਿਚ ਚੋਣਾਂ ਤੋਂ ਪਹਿਲਾ ਗੱਠਜੋੜ ਹੈ | ਸੋ, ਇਹ ਕਹਿਣਾ ਸਹੀ ਨਹੀਂ ਕਿ ਕਾਂਗਰਸ ਚੋਣਾਂ ਤੋਂ ਪਹਿਲਾਂ ਗੱਠਜੋੜ ਨਹੀਂ ਕਰਦੀ |
ਰਮੇਸ਼ ਨੇ ਅਪੋਜ਼ੀਸ਼ਨ ਦੇ ਇਕ ਹਿੱਸੇ ਵੱਲੋਂ ਅਡਾਨੀ ਮਾਮਲੇ ਵਿਚ ਨਰਮਗੋਸ਼ਾ ਰੱਖਣ ‘ਤੇ ਵੀ ਕਿੰਤੂ ਕੀਤਾ | ਉਨ੍ਹਾ ਕਿਹਾ—ਅਸੀਂ ਨਿਤੀਸ਼ ਕੁਮਾਰ ਦੀ ਇਸ ਟਿੱਪਣੀ ਦਾ ਸਵਾਗਤ ਕਰਦੇ ਹਾਂ ਕਿ ਭਾਰਤ ਜੋੜੋ ਯਾਤਰਾ ਨੇ ਸਮੁੱਚੇ ਸਿਆਸੀ ਦਿ੍ਸ਼ ‘ਤੇ ਅਸਰ ਪਾਇਆ ਹੈ | ਇਹ ਭਾਰਤੀ ਸਿਆਸਤ ਵਿਚ ਤਬਦੀਲੀ ਦੀ ਲਖਾਇਕ ਹੈ ਅਤੇ ਕਾਂਗਰਸ ਆਪਣੇ ਰੋਲ ਬਾਰੇ ਸੰਜੀਦਾ ਹੈ | ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਸਨੇ ਭਾਜਪਾ ਨਾਲ ਕਦੇ ਸਮਝੌਤਾ ਨਹੀਂ ਕੀਤਾ | ਰਮੇਸ਼ ਨੇ ਉਨ੍ਹਾਂ ਅਪੋਜ਼ੀਸ਼ਨ ਪਾਰਟੀਆਂ ‘ਤੇ ਤਨਜ਼ ਕੀਤਾ ਜਿਹੜੀਆਂ ਰਾਜ ਸਭਾ ਵਿਚ ਅਪੋਜ਼ੀਸ਼ਨ ਦੇ ਆਗੂ ਮਲਿਕਾਰਜੁਨ ਖੜਗੇ ਦੀਆਂ ਮੀਟਿੰਗਾਂ ਵਿਚ ਤਾਂ ਸ਼ਾਮਲ ਹੋਈਆਂ ਪਰ ਉਨ੍ਹਾਂ ਦੇ ਐਕਸ਼ਨ ਸਰਕਾਰ ਦਾ ਪੱਖ ਪੂਰਨ ਵਾਲੇ ਹਨ | ਉਨ੍ਹਾ ਕਿਹਾ—ਸਾਡੀ ਭਾਜਪਾ ਬਾਰੇ ਦੋ ਰੰਗੀ ਨਹੀਂ | ਸਾਡੀ ਇੱਕੋ ਰੰਗੀ ਹੈ | ਅਸੀਂ ਅਡਾਨੀ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਚਾਹੁੰਦੇ ਹਾਂ | ਕਈ ਪਾਰਟੀਆਂ ਨੇ ਅਪੋਜ਼ੀਸ਼ਨ ਦੀਆਂ ਮੀਟਿੰਗਾਂ ਵਿਚ ਹਿੱਸਾ ਲਿਆ ਪਰ ਸਾਂਝੀ ਸੰਸਦੀ ਕਮੇਟੀ ਵੱਲੋਂ ਜਾਂਚ ਦੀ ਹਮਾਇਤ ਨਹੀਂ ਕੀਤੀ | ਉਹ ਸੁਪਰੀਮ ਕੋਰਟ ਦੀ ਅਗਵਾਈ ਵਿਚ ਜਾਂਚ ਚਾਹੁੰਦੀਆਂ ਹਨ | ਇਹ ਪ੍ਰਧਾਨ ਮੰਤਰੀ ਨੂੰ ਬਚਾਉਣ ਦੀ ਸਿਆਸੀ ਚਾਲ ਹੈ |
ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਪਲੈਨਰੀ ਸੈਸ਼ਨ ਵਿਚ ਅਪੋਜ਼ੀਸ਼ਨ ਗੱਠਜੋੜ ਦੀ ਨੌਈਅਤ ਬਾਰੇ ਸਟੈਂਡ ਸਪੱਸ਼ਟ ਕਰ ਦਿੱਤਾ ਜਾਵੇਗਾ | ਇਸ ਵਿਚ ਸਿਆਸੀ, ਆਰਥਕ ਤੇ ਹੋਰ ਕਈ ਮਤੇ ਪਾਸ ਕੀਤੇ ਜਾਣਗੇ |
ਪਲੈਨਰੀ ਸੈਸ਼ਨ ਉਦੋਂ ਹੋ ਰਿਹਾ ਹੈ ਜਦੋਂ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਆਪਣਾ ਮੋਰਚਾ ਬਣਾਉਣ ਲਈ ਸਰਗਰਮ ਹਨ ਤੇ ਨਿਤੀਸ਼ ਕੁਮਾਰ ਦਾ ਆਪਣਾ ਸਟੈਂਡ ਹੈ |



