ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਸੰਸਦੀ ਵਫਦ ‘ਤੇ ਹਮਲਾ ਕਰਨ ਵਾਲੇ 3 ਗਿ੍ਫਤਾਰ

0
278

ਅਗਰਤਲਾ : ਤਿ੍ਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ ‘ਚ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਦੇ ਸੰਸਦੀ ਵਫਦ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ‘ਤੇ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਕਾਂਗਰਸ ਅਤੇ ਖੱਬੇ-ਪੱਖੀ ਪਾਰਟੀਆਂ ਵੱਲੋਂ ਦੋਸ਼ ਲਾਇਆ ਗਿਆ ਕਿ ਸੂਬੇ ‘ਚ ਚੋਣਾਂ ਤੋਂ ਬਾਅਦ ਕਥਿਤ ਤੌਰ ‘ਤੇ ਹਿੰਸਾ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਜੋ ਸਾਂਸਦਾਂ ਦਾ ਦਲ ਦੋ ਦਿਨਾ ਯਾਤਰਾ ‘ਤੇ ਗਿਆ ਸੀ, ਉਸ ‘ਤੇ ਹਮਲੇ ਹੋਏ ਹਨ | ਏਨਾ ਹੀ ਨਹੀਂ, ਨੇਤਾਵਾਂ ਦੀਆਂ ਕਾਰਾਂ ਦੀ ਵੀ ਤੋੜਫੋੜ ਕੀਤੀ ਗਈ | ਸੀ ਪੀ ਆਈ (ਐੱਮ) ਅਤੇ ਕਾਂਗਰਸ ਦੇ ਜੋ ਸਾਂਸਦ ਇਸ ਟੀਮ ‘ਚ ਸ਼ਾਮਲ ਸਨ, ਉਨ੍ਹਾਂ ਰੌਲੇ ਦੇ ਤੁਰੰਤ ਬਾਅਦ ਘਟਨਾ ਸਥਾਨ ਤੋਂ ਭੱਜ ਕੇ ਆਪਣੀ ਜਾਨ ਬਚਾਈ | ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਹ ਸਾਂਸਦ ਤਿ੍ਪੁਰਾ ਦੇ ਸਿਪਾਹੀਜਲਾ ਜ਼ਿਲ੍ਹੇ ਦੇ ਬਿਸ਼ਾਲਗੜ੍ਹ ਗਏ ਸਨ, ਜਿੱਥੇ ਚੋਣਾਂ ਤੋਂ ਠੀਕ ਬਾਅਦ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ | ਇੱਥੇ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਤਿੰਨ ਵਾਹਨਾਂ ਦੀ ਤੋੜਫੋੜ ਕੀਤੀ | ਅਗਰਤਲਾ ਪੁਲਸ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਿਪਾਹੀਜਾਲਾ ਜ਼ਿਲ੍ਹੇ ‘ਚ ਉਨ੍ਹਾਂ ‘ਤੇ ਵੀ ਹਮਲਾ ਕੀਤਾ ਗਿਆ | ਇਸ ਤੋਂ ਬਾਅਦ ਸੂਬੇ ਦਾ ਸਿਆਸੀ ਮਾਹੌਲ ਗਰਮਾਅ ਗਿਆ | ਇਸ ਦੌਰਾਨ ਮਾਕਪਾ ਨੇ ਕਿਹਾ ਕਿ ਸੰਸਦੀ ਪ੍ਰਤੀਨਿਧੀ ਮੰਡਲ ਦਾ ਦੌਰਾ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ | ਇਸ ਘਟਨਾ ਦਾ ਇੱਕ ਵੀਡੀਓ ਕਾਂਗਰਸ ਨੇਤਾ ਜੈਰਾਮ ਰਮੇਸ਼ ਵੱਲੋਂ ਸ਼ੇਅਰ ਕੀਤਾ ਗਿਆ | ਉਨ੍ਹਾ ਟਵਿਟ ‘ਚ ਲਿਖਿਆ, ‘ਤਿ੍ਪੁਰਾ ਦੇ ਮੋਹਨਪੁਰ ਅਤੇ ਬਿਸ਼ਾਲਗੜ੍ਹ ‘ਚ ਕਾਂਗਰਸ ਨੇਤਾਵਾਂ ਦੇ ਦਲ ‘ਤੇ ਭਾਜਪਾ ਦੇ ਗੁੰਡਿਆਂ ਨੇ ਹਮਲਾ ਕੀਤਾ | ਪੁਲਸ ਦੇ ਜੋ ਲੋਕ ਇਸ ਦਲ ਦੇ ਨਾਲ ਸਨ, ਉਨ੍ਹਾਂ ਕੁਝ ਨਹੀਂ ਕੀਤਾ |’ ਪੁਲਸ ਨੇ ਇਸ ਸੰਬੰਧੀ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ ਤੇ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ |

LEAVE A REPLY

Please enter your comment!
Please enter your name here