ਮੁੰਬਈ : ਮਹਾਰਾਸ਼ਟਰ ਦੇ ਨਵੀਂ ਮੁੰਬਈ ਇਲਾਕੇ ’ਚ ਐਤਵਾਰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਵੰਡ ਸਮਾਗਮ ਦੌਰਾਨ ਭਿਆਨਕ ਗਰਮੀ ਨਾਲ 11 ਲੋਕਾਂ ਦੀ ਮੌਤ ਹੋ ਗਈ ਤੇ 24 ਹਸਪਤਾਲ ’ਚ ਹਨ। ਮਰਨ ਵਾਲਿਆਂ ’ਚ ਬਹੁਤ ਬਜ਼ੁਰਗ ਸਨ ਤੇ ਇਨ੍ਹਾਂ ਵਿਚ 8 ਔਰਤਾਂ ਸਨ। ਨਵੀਂ ਮੁੰਬਈ ਦੇ ਖਾਰਘਰ ਦੇ ਡੇਢ ਸੌ ਏਕੜ ਦੇ ਵੱਡੇ ਮੈਦਾਨ ’ਚ ਸਵੇਰੇ ਸਾਢੇ 11 ਵਜੇ ਤੋਂ ਇਕ ਵਜੇ ਤੱਕ ਸਮਾਗਮ ਚੱਲਿਆ ਸੀ। ਇਸ਼ ਦੌਰਾਨ ਤਾਪਮਾਨ 38 ਡਿਗਰੀ ਸੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਜ ਸੇਵੀ ਦੱਤਾਤ੍ਰੇਯ ਨਾਰਾਇਣ ਨੂੰ ਪੁਰਸਕਾਰ ਦਿੱਤਾ। ਸਮਾਗਮ ’ਚ 7 ਲੱਖ ਲੋਕ ਸਨ। ਸਾਰੇ ਦੇਖ ਤੇ ਸੁਣ ਸਕਣ, ਇਸ ਲਈ ਆਡੀਓ ਤੇ ਵੀਡੀਓ ਫੈਸੀਲਿਟੀ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਲੋਕਾਂ ਦੇ ਸਿਰ ’ਤੇ ਸ਼ੈੱਡ ਨਹੀਂ ਸੀ। ਧੁੱਪ ਤੇ ਗਰਮੀ ਕਾਰਨ ਕਈ ਲੋਕਾਂ ਦੀ ਤਬੀਅਤ ਵਿਗੜ ਗਈ। ਉਜ ਸਮਾਗਮ ਸਵੇਰੇ ਸਾਢੇ 10 ਵਜੇ ਖਤਮ ਹੋਣਾ ਸੀ, ਪਰ ਸ਼ਾਹ ਲੇਟ ਪੁੱਜੇ। ਸਰਕਾਰ ਨੇ ਮਿ੍ਰਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਸਮਾਗਮ ਠੀਕ ਢੰਗ ਨਾਲ ਪਲਾਨ ਨਹੀਂ ਕੀਤਾ ਗਿਆ, ਇਸ ਦੀ ਜਾਂਚ ਕੌਣ ਕਰਵਾਏਗਾ? ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਨੇ ਕਿਹਾ ਕਿ ਸਮਾਗਮ ਸ਼ਾਮ ਨੂੰ ਕੀਤਾ ਜਾ ਸਕਦਾ ਸੀ ਤੇ ਸ਼ਾਹ ਹੈਲੀਕਾਪਟਰ ਨਾਲ ਪੁੱਜ ਸਕਦੇ ਸਨ।





