ਜੰਮੂ : ਰਾਜੌਰੀ ਦੇ ਜੰਗਲ ਵਿਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲੇ ‘ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ | ਸ਼ੁੱਕਰਵਾਰ ਸਵੇਰੇ ਸਾਢੇ 7 ਵਜੇ ਤੋਂ ਸ਼ੁਰੂ ਹੋਇਆ ਮੁਕਾਬਲਾ ਜਾਰੀ ਸੀ | ਫੌਜ ਨੇ ਇਲਾਕੇ ਵਿਚ ਦੋ-ਤਿੰਨ ਦਹਿਸ਼ਤਗਰਦਾਂ ਨੂੰ ਘੇਰਿਆ ਹੋਇਆ ਸੀ | ਦੱਸਿਆ ਜਾਂਦਾ ਹੈ ਕਿ ਇਹ ਉਹੀ ਦਹਿਸ਼ਤਗਰਦ ਹਨ, ਜਿਨ੍ਹਾਂ ਪੁਣਛ ‘ਚ ਫੌਜ ਦੇ ਟਰੱਕ ‘ਤੇ ਹਮਲਾ ਕਰਕੇ ਪੰਜ ਜਵਾਨਾਂ ਨੂੰ ਸ਼ਹੀਦ ਕੀਤਾ ਸੀ | ਜੰਮੂ-ਕਸ਼ਮੀਰ ਦੇ ਡੀ ਜੀ ਪੀ ਦਿਲਬਾਗ ਸਿੰਘ ਤੇ ਏ ਡੀ ਜੀ ਪੀ ਮੁਕੇਸ਼ ਸਿੰਘ ਮੁਕਾਬਲੇ ਵਾਲੀ ਥਾਂ ਪੱੁਜ ਚੁੱਕੇ ਸਨ | ਰਾਜੌਰੀ ਜ਼ਿਲ੍ਹੇ ‘ਚ ਇੰਟਰਨੈਟ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ |
ਜੰਮੂ ਅਧਾਰਤ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਪੰਜ ਜਵਾਨ ਸ਼ਹੀਦ ਹੋ ਚੁੱਕੇ ਹਨ | ਮੇਜਰ ਰੈਂਕ ਦਾ ਅਧਿਕਾਰੀ ਜ਼ਖਮੀ ਹੋ ਗਿਆ | ਦਹਿਸ਼ਤਗਰਦਾਂ ਦੇ ਰਾਜੌਰੀ ਦੇ ਕਾਂਡੀ ਦੇ ਜੰਗਲਾਂ ‘ਚ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਫੌਜ ਨੇ 3 ਮਈ ਨੂੰ ਆਪ੍ਰੇਸ਼ਨ ਸ਼ੁਰੂ ਕੀਤਾ ਸੀ ਤੇ ਸਵੇਰੇ ਉਨ੍ਹਾਂ ਨਾਲ ਟਾਕਰਾ ਹੋ ਗਿਆ | ਦਹਿਸ਼ਤਗਰਦ ਪਹਾੜੀ ਇਲਾਕੇ ‘ਚ ਇਕ ਗੁਫਾ ‘ਚ ਲੁਕੇ ਹੋਏ ਸਨ | ਉਥੇ ਕਾਫੀ ਦਰਖਤ ਤੇ ਪੌਦੇ ਹਨ | ਦਹਿਸ਼ਤਗਰਦਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਨ ਤੋਂ ਪਹਿਲਾਂ ਜ਼ਬਰਦਸਤ ਬੰਬ ਫਟਾਇਆ |



