ਲਾਵਾਰਸ ਬੱਚੇ

0
218

ਬਾਲ ਹੱਕਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ (ਨੈਸ਼ਨਲ ਕਮਿਸ਼ਨ ਫਾਰ ਦੀ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ—ਐੱਨ ਸੀ ਪੀ ਸੀ ਆਰ) ਦੇ ਚੇਅਰਮੈਨ ਪਿ੍ਅੰਕ ਕਾਨੂੰਨਗੋ ਨੇ ਪਿਛਲੇ ਦਿਨੀਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਬਾਲ ਭਲਾਈ ਵਿਭਾਗਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਸਟਰੀਟ ਚਿਲਡਰਨ (ਲਾਵਾਰਸ ਬੱਚਿਆਂ) ਦਾ ਪਤਾ ਲਾ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤਾ ਜਾਵੇ ਜਾਂ ਬਾਲ ਗ੍ਰਹਿ ‘ਚ ਰੱਖਿਆ ਜਾਵੇ | ਕਾਨੂੰਨਗੋ ਨੇ ਪੱਤਰ ਵਿਚ ਸੁਪਰੀਮ ਕੋਰਟ ਦੇ 2021 ਤੇ 2022 ਦੇ ਨਿਰਦੇਸ਼ਾਂ ਦਾ ਹਵਾਲਾ ਵੀ ਦਿੱਤਾ, ਜਿਨ੍ਹਾਂ ਵਿਚ ਰਾਜਾਂ ਨੂੰ ਕਿਹਾ ਗਿਆ ਹੈ ਕਿ ਸਟਰੀਟ ਚਿਲਡਰਨ ਦੇ ਮੁੜ ਵਸੇਬੇ ਦੀਆਂ ਯੋਜਨਾਵਾਂ ਪੇਸ਼ ਕੀਤੀਆਂ ਜਾਣ | ਕਾਨੂੰਨਗੋ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਪਹਿਲੀ ਮਈ ਤੋਂ 31 ਮਈ ਤੱਕ ਸਾਰੇ ਜ਼ਿਲਿ੍ਹਆਂ ‘ਚ ਬਚਾਅ ਅਪ੍ਰੇਸ਼ਨ ਚਲਾ ਕੇ ਸਥਿਤੀ ਬਾਰੇ ਜਾਣੂੰ ਕਰਾਉਣ ਤਾਂ ਜੋ ਕਮਿਸ਼ਨ ਇਨ੍ਹਾਂ ਦਾ ਭਵਿੱਖ ਸੁਆਰਨ ਲਈ ਸੰਬੰਧਤ ਥਾਵਾਂ ‘ਤੇ ਆਪਣੇ ਅਧਿਕਾਰੀਆਂ ਨੂੰ ਘੱਲ ਸਕੇ | ਸਟਰੀਟ ਚਿਲਡਰਨ ਉਹ ਬੱਚੇ ਹੁੰਦੇ ਹਨ, ਜਿਹੜੇ ਭੀਖ ਮੰਗਦੇ ਹਨ ਤੇ ਬੇਘਰੇ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਘਰ ਵਾਲੇ ਛੱਡ ਦਿੰਦੇ ਹਨ ਜਾਂ ਜਿਹੜੇ ਯਤੀਮ ਹੋ ਜਾਂਦੇ ਹਨ | ਇਨ੍ਹਾਂ ਵਿਚ ਸਕੂਲ ਨਾ ਜਾ ਕੇ ਗਲੀਆਂ ਵਿਚ ਘੁੰਮਣ ਵਾਲੇ ਵੀ ਹੁੰਦੇ ਹਨ |
ਬੰਧੂਆ ਮਜ਼ਦੂਰੀ ਦੇ ਖਾਤਮੇ ਬਾਰੇ ਕੌਮੀ ਮੁਹਿੰਮ ਕਮੇਟੀ ਦੇ ਕਨਵੀਨਰ ਨਿਰਮਲ ਗੋਰਾਨਾ ਮੁਤਾਬਕ ਸਟਰੀਟ ਚਿਲਡਰਨ ਦੀ ਸਮੱਸਿਆ ਬਾਰੇ ਸਰਕਾਰੀ ਹੁੰਗਾਰਾ ਹਮੇਸ਼ਾ ਦਿਖਾਵੇ ਦਾ ਰਿਹਾ ਹੈ | ਤਾਜ਼ਾ ਪੱਤਰ ਵੀ ਭਾਰਤ ‘ਚ ਹੋਣ ਵਾਲੇ ਜੀ-20 ਸੰਮੇਲਨਾਂ ਵਿਚ ਹਿੱਸਾ ਲੈਣ ਆ ਰਹੇ ਡੈਲੀਗੇਟਾਂ ਤੋਂ ਸਟਰੀਟ ਚਿਲਡਰਨ ਦੀ ਅਸਲ ਤਸਵੀਰ ਲੁਕੋਣ ਦਾ ਢਕਵੰਜ ਹੈ | ਹਕੀਕਤ ਵਿਚ ਬਚਾਏ ਜਾਣ ਵਾਲੇ ਸਟਰੀਟ ਚਿਲਡਰਨ ਨਾਲ ਬਾਲ ਗ੍ਰਹਿ ਵਿਚ ਮਾੜਾ ਸਲੂਕ ਹੀ ਹੁੰਦਾ ਹੈ | ਕਈ ਵਾਰ ਤਾਂ ਦਿਖਾਵਾ ਕੀਤਾ ਜਾਂਦਾ ਹੈ ਕਿ ਏਨੇ ਸਟਰੀਟ ਚਿਲਡਰਨ ਬਚਾਏ ਗਏ ਹਨ | ਮਿਸਾਲ ਵਜੋਂ ਹਾਲ ਹੀ ‘ਚ ਦਿੱਲੀ ਦੇ ਆਰ ਕੇ ਪੁਰਮ ਵਿਚ ਖੇਡਦੇ ਬੱਚਿਆਂ ਨੂੰ ਚੁੱਕ ਕੇ ਦਾਅਵਾ ਕਰ ਦਿੱਤਾ ਗਿਆ ਸੀ ਕਿ ਏਨੇ ਲਾਵਾਰਸ ਬੱਚਿਆਂ ਨੂੰ ਬਚਾਇਆ ਗਿਆ ਜਦਕਿ ਬਾਅਦ ਵਿਚ ਉਨ੍ਹਾਂ ਦੇ ਮਾਪਿਆਂ ਨੇ ਆ ਕੇ ਕਿਹਾ ਕਿ ਇਹ ਉਨ੍ਹਾਂ ਦੇ ਬੱਚੇ ਹਨ, ਜਿਹੜੇ ਗਲੀ ਵਿਚ ਖੇਡ ਰਹੇ ਸਨ | ਗੋਰਾਨਾ ਦਾ ਕਹਿਣਾ ਹੈ ਕਿ ਤਾਜ਼ਾ ਪੱਤਰ ਮਾਪਿਆਂ ਨੂੰ ਡਰਾਉਣ ਲਈ ਜਾਰੀ ਕੀਤਾ ਗਿਆ ਹੈ ਤਾਂ ਜੋ ਉਹ ਬੱਚਿਆਂ ਨੂੰ ਘਰ ਦੇ ਅੰਦਰ ਰੱਖਣ ਤੇ ਜੀ-20 ਦੇ ਡੈਲੀਗੇਟ ਉਨ੍ਹਾਂ ਨੂੰ ਸੜਕਾਂ ‘ਤੇ ਨਾ ਦੇਖ ਲੈਣ |
ਆਲ ਇੰਡੀਆ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਅਗਰਵਾਲ ਦਾ ਕਹਿਣਾ ਹੈ ਕਿ ਅਜਿਹੇ ਬੱਚਿਆਂ ਲਈ ਸਕੂਲ ਹੀ ਸਭ ਤੋਂ ਵਧੀਆ ਥਾਂ ਹੈ | ਪਰ ਸਰਕਾਰਾਂ ਸਰਕਾਰੀ ਗਰਾਂਟ ਨਾਲ ਚੱਲਣ ਵਾਲੇ ਸਕੂਲਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ | ਸਿੱਟੇ ਵਜੋਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਹਾਜ਼ਰੀ ਮਸੀਂ 50 ਫੀਸਦੀ ਹੁੰਦੀ ਹੈ | ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਅਕਸਰ ਸਕੂਲਾਂ ਵਿਚ ਦਾਖਲ ਨਹੀਂ ਕੀਤੇ ਜਾਂਦੇ ਤੇ ਉਹ ਜ਼ਿਆਦਾਤਰ ਇਧਰ-ਉਧਰ ਘੁੰਮਦੇ ਰਹਿੰਦੇ ਹਨ | ਜਿਵੇਂ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹਿਮਦਾਬਾਦ ਦੌਰੇ ਵੇਲੇ ਝੁੱਗੀਆਂ ਨੂੰ ਕੰਧਾਂ ਕਰਕੇ ਢਕ ਦਿੱਤਾ ਗਿਆ ਸੀ, ਉਹੀ ਕੰਮ ਹੁਣ ਲਾਵਾਰਸ ਬੱਚਿਆਂ ਨੂੰ ਵਿਦੇਸ਼ੀ ਡੈਲੀਗੇਟਾਂ ਤੋਂ ਲੁਕੋਣ ਲਈ ਕੀਤਾ ਜਾ ਰਿਹਾ ਹੈ | ਇਹ ਇਸ ਗੰਭੀਰ ਸਮੱਸਿਆ ਦਾ ਹੱਲ ਨਹੀਂ |

LEAVE A REPLY

Please enter your comment!
Please enter your name here