ਅੰਮਿ੍ਰਤਸਰ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਤੇ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀ ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਬੜੇ ਗੁੱਸੇ ਭਰੇ ਲਹਿਜੇ ਵਿੱਚ ਪੰਜਾਬ ਸਰਕਾਰ ਨੂੰ ਵਾਰਨਿੰਗ ਦਿੱਤੀ ਕਿ ਪੰਜਾਬ ਦੇ ਮਜ਼ਦੂਰਾਂ ਨਾਲ ਜੋ ਧ੍ਰੋਹ ਕੀਤਾ ਹੈ, ਇਸ ਲਈ ਮਜ਼ਦੂਰਾਂ ਦਾ ਵਿਰੋਧ ਝੱਲਣ ਲਈ ਵੀ ਤਿਆਰ ਰਹੇ। ਮਜ਼ਦੂਰ ਆਗੂਆਂ ਕਿਹਾ ਕਿ ਇੱਕ ਪਾਸੇ ਆਮ ਆਦਮੀ ਦੀ ਸਰਕਾਰ ਇਮਾਨਦਾਰੀ ਦੇ ਦਮਗਜ਼ੇ ਮਾਰ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਕਾਰਖਾਨੇਦਾਰਾਂ ਅਤੇ ਵੱਡੇ ਕਾਰੋਬਾਰੀਆਂ ਨਾਲ ਅੰਦਰਖਾਤੇ ਸੌਦੇਬਾਜ਼ੀ ਕਰਕੇ ਮਜ਼ਦੂਰਾਂ ਦਾ ਕੰਮ ਦਾ ਸਮਾਂ ਵਧਾ ਰਹੀ ਹੈ। ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਈਆਂ ਨੂੰ 13 ਸਾਲ ਦਾ ਸਮਾਂ ਹੋ ਚੁੱਕਾ ਹੈ। ਘੱਟੋ-ਘੱਟ ਉਜਰਤਾਂ ਵਧਾਉਣ ਦੀ ਫਾਈਲ ਮੁੱਖ ਮੰਤਰੀ ਨੇ ਆਪਣੇ ਪਾਸ ਦਬਾਅ ਕੇ ਰੱਖੀ ਹੋਈ ਹੈ। ਅੰਦਰਖਾਤੇ ਮੋਟੇ ਸੌਦੇ ਕਰਨ ਵਾਲੀ ਸਰਕਾਰ ਨੂੰ ਇਮਾਨਦਾਰੀ ਦਾ ਮਖੌਟਾ ਲਾਹ ਦੇਣਾ ਚਾਹੀਦਾ ਹੈ। ਏਟਕ ਆਗੂਆਂ ਕਿਹਾ ਕਿ ਜਲਦ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਜ਼ਦੂਰ ਇੱਕ-ਇੱਕ ਸ਼ਹਿਰ ਅਤੇ ਇੱਕ-ਇੱਕ ਫੈਕਟਰੀ ਗੇਟ ਅੱਗੇ ਲੜਨਗੇ, ਪਰ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਜ਼ਾਲਮਾਨਾ ਹੁਕਮ ਲਾਗੂ ਨਹੀਂ ਹੋਣ ਦੇਣਗੇ।



