ਚੰਡੀਗੜ੍ਹ (ਗੁਰਜੀਤ ਬਿੱਲਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੀਆਂ ਵੋਟਾਂ ਬਣਾਉਣ ਤੇ ਵੋਟਰ ਸੂਚੀ ’ਚ ਸੁਧਾਈ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾ ਕਿਹਾ ਕਿ ਇਸ ਦੇ ਬਾਕੀ ਵੇਰਵੇ ਜਲਦੀ ਜਾਰੀ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਚੋਣਾਂ ਕਰਵਾਉਣ ਲਈ ਰਾਹ ਪੱਧਰਾ ਹੋਵੇਗਾ, ਜਿਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਜਮਹੂਰੀਅਤ ਢੰਗ ਨਾਲ ਚੁਣੀ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਮਾਮਲਿਆਂ ਦੀ ਵਾਗਡੋਰ ਸੰਭਾਲੇ। ਉਨ੍ਹਾ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਆਰਜ਼ੀ ਪ੍ਰਧਾਨ ਵਾਲੀ ਅੰਤਰਮ ਕਮੇਟੀ ਸੰਸਥਾ ਦੇ ਕੰਮਕਾਜ ਚਲਾ ਰਹੀ ਹੈ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਮੁੱਖ ਸਿੱਖ ਸੰਸਥਾ ਦੀਆਂ ਚੋਣਾਂ ਜਲਦੀ ਕਰਵਾਉਣਾ ਯਕੀਨੀ ਬਣਾਏਗੀ।
ਉਹਨਾ ਦੁੱਖ ਨਾਲ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਿੱਖਾਂ ਦੀ ਵੱਕਾਰੀ ਸੰਸਥਾ ਹੁਣ ਆਪਣੇ ਅਕਾਵਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ। ਬਦਕਿਸਮਤੀ ਨਾਲ ਇਸ ਸਰਵਉਚ ਸੰਸਥਾ ਦੇ ਫੈਸਲੇ ਅਕਾਲੀ ਲੀਡਰਸ਼ਿਪ ਵੱਲੋਂ ਅਗਾਊਂ ਹੀ ਲੈ ਲਏ ਜਾਂਦੇ ਹਨ। ਆਧੁਨਿਕ ਯੁੱਗ ਦੇ ਮਹੰਤਾਂ ਨੂੰ ਬਾਹਰ ਕੱਢਣ ਲਈ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੇ ਸਾਰੇ ਫੈਸਲੇ ਬਾਦਲ ਪਰਵਾਰ ਵੱਲੋਂ ਤੈਅ ਹੁੰਦੇ ਹਨ ਅਤੇ ਇਹ ਪਰਵਾਰ ਹੀ ਫੈਸਲੇ ਲਾਗੂ ਕਰਵਾਉਂਦਾ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਨਿੱਜੀ ਦਖਲ ਦੇ ਕੇ ਸੰਗਤਾਂ ਦੇ ਹਿੱਤਾਂ ਨੂੰ ਢਾਹ ਲਾਈ ਜਾ ਰਹੀ ਹੈ। ਉਹਨਾ ਕਿਹਾ ਕਿ ਸੂਝਵਾਨ ਲੋਕ ਮਾਨਵਤਾ ਦੇ ਦੁਸ਼ਮਣ ਅਜਿਹੇ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।




