ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਕਾਂਗਰਸ ਸਾਂਸਦ ਧੀਰਜ ਸਾਹੂ ਪਹਿਲੀ ਵਾਰ ਸਾਹਮਣੇ ਆਏ। ਅਸਲ ’ਚ ਛਾਪੇਮਾਰੀ ਤੋਂ ਬਾਅਦ ਸਾਹੂ ਨਾਲ ਜੁੜੇ ਟਿਕਾਣਿਆਂ ਤੋਂ 353 ਕਰੋੜ ਰੁਪਏ ਬਰਾਮਦ ਕੀਤੇ ਗਏ। ਏਨਾ ਕੈਸ਼ ਗਿਣਨ ’ਚ ਬੈਂਕ ਦੇ ਦਰਜਨਾਂ ਮੁਲਾਜ਼ਮਾਂ ਨੂੰ ਪੰਜ ਦਿਨ ਦਾ ਸਮਾਂ ਲੱਗਾ। ਧੀਰਜ ਸਾਹੂ ਨੇ ਦੱਸਿਆ ਕਿ ਉਹ ਛਾਪੇਮਾਰੀ ਦੌਰਾਨ ਦਿੱਲੀ ’ਚ ਸੀ। ਛਾਪੇਮਾਰੀ ਤੋਂ ਬਾਅਦ ਸਾਹੂ ਨੇ ਕਿਹਾ, ‘ਮੈਂ ਸਰਗਰਮ ਰਾਜਨੀਤੀ ’ਚ 30-35 ਸਾਲਾਂ ਤੋਂ ਹਾਂ ਅਤੇ ਇਸ ਤਰ੍ਹਾਂ ਦੀ ਘਟਨਾ ਮੇਰੇ ਨਾਲ ਪਹਿਲੀ ਵਾਰ ਹੋਈ। ਇਸ ਨਾਲ ਮੇਰੇ ਦਿਲ ’ਤੇ ਕਾਫੀ ਸੱਟ ਪਹੁੰਚੀ, ਕਿਉਂਕਿ ਮੈਂ ਹਮੇਸ਼ਾ ਇਹ ਚਾਹੁੰਦਾ ਸੀ ਕਿ ਮੈਨੂੰ ਲੈ ਕੇ ਕੋਈ ਵਿਵਾਦ ਨਾ ਹੋਵੇ, ਪਰ ਵਿਵਾਦ ਖੜਾ ਹੋਣ ਤੋਂ ਬਾਅਦ ਮੈਂ ਆਪਣੇ ਅਤੇ ਆਪਣੇ ਪਰਵਾਰ ਬਾਰੇ ’ਚ ਜਾਣਕਾਰੀ ਦੇਣਾ ਚਾਹੁੰਦਾ ਹਾਂ। ਮੈਂ ਲੋਕਾਂ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਹੈ, ਮੇਰੇ ਪਿਤਾ ਜੀ ਗਰੀਬਾਂ ਦੀ ਕਾਫ਼ੀ ਮਦਦ ਕਰਦੇ ਸਨ। ਅਸੀਂ ਲੋਕਾਂ ਲਈ ਕਈ ਕਾਲਜ, ਸਕੂਲ ਖੋਲ੍ਹੇ, ਪਰ ਅੱਜ ਜੋ ਹੋ ਰਿਹਾ ਹੈ, ਉਸ ਨਾਲ ਮੈਨੂੰ ਬਹੁਤ ਦੁੱਖ ਪਹੁੰਚਿਆ ਹੈ।’
ਧੀਰਜ ਸਾਹੂ ਨੇ ਕਿਹਾ, ‘ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਪੈਸਾ ਬਰਾਮਦ ਕੀਤਾ ਗਿਆ ਹੈ, ਉਹ ਮੇਰੀ ਫਰਮ ਦਾ ਪੈਸਾ ਹੈ। ਸਾਡਾ ਪਰਵਾਰ ਲਗਭਗ 100 ਸਾਲ ਤੋਂ ਸ਼ਰਾਬ ਦੇ ਵਪਾਰ ’ਚ ਹੈ। ਇਨ੍ਹਾਂ ਸੌ ਸਾਲਾਂ ’ਚ ਅਸੀਂ ਸਰਕਾਰ ਨੂੰ ਬਹੁਤ ਰੇਵੀਨਿਊ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਆਪਣੇ ਵੱਲੋਂ ਇਸ ਦਾ ਖੁਲਾਸ ਕਰਾਂ।’ ਧੀਰਜ ਸਾਹੂ ਨੇ ਦੱਸਿਆ, ‘ਮੈਂ ਉਦੋਂ (ਛਾਪੇਮਾਰੀ ਸਮੇਂ) ਦਿੱਲੀ ’ਚ ਸੀ। ਮੈਂ ਮੀਡੀਆ ਨੂੰ ਮਿਲਣਾ ਚਾਹੁੰਦਾ ਸੀ, ਪਰ ਕੁਝ ਸਥਿਤੀਆਂ ਇਸ ਤਰ੍ਹਾਂ ਦੀਆਂ ਸਾਹਮਣੇ ਆ ਗਈਆਂ ਕਿ ਮੈਨੂੰ ਤੁਹਾਡੇ ਸਾਹਮਣੇ ਆਉਣ ’ਚ ਸ਼ਰਮ ਮਹਿਸੂਸ ਹੋ ਰਹੀ ਸੀ। ਮੈਂ ਰਾਜਨੀਤੀ ਛੱਡ ਕੇ ਬਿਜ਼ਨੈੱਸ ’ਚ ਧਿਆਨ ਨਹੀਂ ਦਿੰਦਾ ਸੀ। ਵਪਾਰ ਮੇਰੇ ਪਰਵਾਰ ਦੇ ਲੋਕ ਕਰਦੇ ਸਨ।’ ਇਸ ਤੋਂ ਬਾਅਦ ਕਾਂਗਰਸ ਸਾਂਸਦ ਨੇ ਆਪਣੇ ਪਰਵਾਰ ਨਾਲ ਜੁੜੀਆਂ ਕੰਪਨੀਆਂ ਬਾਰੇ ਕੁਝ ਜਾਣਕਾਰੀ ਦਿੱਤੀ। ਉਨ੍ਹਾ ਕਿਹਾ, ‘ਸਾਡਾ ਬਹੁਤ ਵੱਡਾ ਪਰਵਾਰ ਹੈ। ਅਸੀਂ ਕੁੱਲ 6 ਭਰਾ ਹਾਂ। ਸਾਰਿਆਂ ਦੇ ਬੱਚੇ ਬਿਜ਼ਨੈੱਸ ਨਾਲ ਜੁੜੇ ਹਨ। ਸਾਡਾ ਬਿਜ਼ਨੈੱਸ ਕਰੀਬ 100 ਸਾਲ ਪੁਰਾਣਾ ਹੈ। ਕੈਸ਼ ਜੋ ਫੜਿਆ ਗਿਆ ਹੈ, ਉਹ ਸਾਰਾ ਸ਼ਰਾਬ ਨਾਲ ਜੁੜੀਆਂ ਫਰਮਾਂ ਦਾ ਹੈ। ਸ਼ਰਾਬ ਵਪਾਰ ’ਚ ਸਾਰੀ ਸੇਲ (ਵਿਕਰੀ) ਕੈਸ਼ ’ਤੇ ਹੁੰਦੀ ਹੈ, ਜੋ ਵੀ ਪੈਸਾ ਫੜਿਆ ਗਿਆ ਹੈ, ਉਹ ਸ਼ਰਾਬ ਦੀ ਸੇਲ ਦਾ ਹੈ। ਇਸ ਪੈਸੇ ਦਾ ਸੰਬੰਧ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਨਹੀਂ। ਇਹ ਪੂਰੀ ਤਰ੍ਹਾਂ ਨਾਲ ਸਾਡੀ ਕੰਪਨੀ ਦਾ ਪੈਸਾ ਹੈ।’
ਜ਼ਿਕਰਯੋਗ ਹੈ ਕਿ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਨੇ ਤਿੰਨ ਸੂਬਿਆਂ ’ਚ ਛਾਪੇਮਾਰੀ ਕੀਤੀ ਸੀ। ਕੈਸ਼ ਨਾਲ ਭਰੇ 176 ਬੈਗ ਬਰਾਮਦ ਕੀਤੇ ਗਏ। ਜਦ ਇਨ੍ਹਾਂ ਦੀ ਗਿਣਤੀ ਹੋਈ ਤਾਂ ਖੁਲਾਸਾ ਹੋਇਆ ਕਿ ਸਾਂਸਦ ਦੇ ਟਿਕਾਣਿਆਂ ਤੋਂ 353 ਕਰੋੜ ਰੁਪਏ ਨਿਕਲੇ ਸਨ।



