ਸੰਸਦ ’ਚ ਜੋ ਹੋਇਆ, ਉਹ ਬੇਰੁਜ਼ਗਾਰੀ ਦਾ ਨਤੀਜਾ : ਰਾਹੁਲ

0
169

ਨਵੀਂ ਦਿੱਲੀ : ਸੰਸਦ ਦੀ ਸੁਰੱਖਿਆ ’ਚ ਹੋਈ ਵੱਡੀ ਕੁਤਾਹੀ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਚੱਲਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਰਾਹੁਲ ਨੇ ਕਿਹਾ, ‘ਸੁਰੱਖਿਆ ’ਚ ਕੁਤਾਹੀ ਜ਼ਰੂਰ ਹੋਈ ਹੈ, ਪਰ ਸਵਾਲ ਹੈ ਕਿ ਇਹ ਕਿਉਂ ਹੋਇਆ? ਦੇਸ਼ ’ਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਹੈ। ਇਹ ਦੇਸ਼ ਭਰ ’ਚ ਉਬਲ ਰਿਹਾ ਹੈ। ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਹਿੰਦੁਸਤਾਨ ’ਚ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਥੇ ਹੀ ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਭਾਜਪਾ ਸੰਸਦ ’ਚ ਸੁਰੱਖਿਆ ਨਾਲ ਜੁੜੇ ਮੁੱਦੇ ਦਾ ਰਾਜਨੀਤੀਕਰਨ ਕਰਕੇ ਇਸ ਗੰਭੀਰ ਮਾਮਲੇ ਨੂੰ ਬੇਵਜ੍ਹਾ ਰਾਜਨੀਤੀ ਦੇ ਰੰਗ ਵਿਚ ਰੰਗ ਰਹੀ ਹੈ। ਉਨ੍ਹਾ ਪਾਰਟੀ ਮੁੱਖ ਦਫ਼ਤਰ ’ਚ ਕਿਹਾ ਕਿ ਵਿਰੋਧੀ ਦਲ ਨਹੀਂ ਬਲਕਿ ਭਾਜਪਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਸ ਮੁੱਦੇ ਦਾ ਰਾਜਨੀਤੀਕਰਨ ਕਰ ਰਹੇ ਹਨ। ਉਨ੍ਹਾ ਕਿਹਾ ਕਿ ਦਿੱਲੀ ਪੁਲਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ ਅਤੇ ਦਿੱਲੀ ਪੁਲਸ ਨੇ ਅਦਾਲਤ ’ਚ ਕਿਹਾ ਕਿ ਇਹ ਅੱਤਵਾਦੀ ਹਮਲਾ ਹੈ, ਜਦਕਿ ਵਿਰੋਧੀ ਦਲ ਬਰਾਬਰ ਇਸ ਨੂੰ ਸੁਰੱਖਿਆ ’ਚ ਕੁਤਾਹੀ ਦਾ ਮੁੱਦਾ ਦੱਸ ਰਿਹਾ ਹੈ। ਇਸ ਲਈ ਵਿਰੋਧੀ ਦਲ ਨਹੀਂ, ਬਲਕਿ ਭਾਜਪਾ ਇਸ ਦਾ ਰਾਜਨੀਤੀਕਰਨ ਕਰ ਰਹੀ ਹੈ।

LEAVE A REPLY

Please enter your comment!
Please enter your name here