ਕੋਲਕਾਤਾ : ਪੱਛਮੀ ਬੰਗਾਲ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਜੂਨੀਅਰ ਡਾਕਟਰਾਂ ਨੇ 42 ਦਿਨ ਬਾਅਦ ਸ਼ਨੀਵਾਰ ਸਵੇਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਡੀਕਲ ਕਾਲਜ ਅਤੇ ਹਸਪਤਾਲ ’ਚ ਡਿਊਟੀ ’ਤੇ ਮੌਜੂਦ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਹੋਈ ਸੀ। ਇਸ ਖਿਲਾਫ਼ ਜੂਨੀਅਰ ਡਾਕਟਰਾਂ ਨੇ ਕੰਮ ਬੰਦ ਕਰ ਦਿੱਤਾ ਸੀ। ਸ਼ਨੀਵਾਰ ਸਵੇਰੇ ਸਾਰੇ ਸਰਕਾਰੀ ਹਸਪਤਾਲਾਂ ’ਚ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਉਨ੍ਹਾਂ ਓ ਪੀ ਡੀ ਵਿਭਾਗ ’ਚ ਹਾਲੇ ਵੀ ਕੰਮ ਸ਼ੁਰੂ ਨਹੀਂ ਕੀਤਾ। ਪ੍ਰਦਰਸ਼ਨਕਾਰੀ ਡਾਕਟਰਾਂ ’ਚ ਸ਼ਾਮਲ ਅਨਿਕੇਤ ਮਹਿਤੋ ਨੇ ਕਿਹਾਅਸੀਂ ਅੱਜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਸਾਡੇ ਸਹਿਕਰਮੀਆਂ ਸਿਰਫ਼ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ’ਚ ਆਪਣੇ ਵਿਭਾਗਾਂ ’ਚ ਕੰਮ ’ਤੇ ਆਉਣਾ ਸ਼ੁਰੂ ਕੀਤਾ ਹੈ, ਪਰ ਓ ਪੀ ਡੀ ’ਚ ਕੰਮ ਹਾਲੇ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾ ਦੱਸਿਆ ਕਿ ਉਨ੍ਹਾਂ ਦੇ ਬਾਕੀ ਸਹਿਯੋਗੀ ਸੂਬੇ ’ਚ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਲਈ ਪਹਿਲਾਂ ਹੀ ਰਵਾਨਾ ਹੋ ਚੁੱਕੇ ਹਨ, ਜਿੱਥੇ ਉਹ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਵੀ ਲੋਕਾਂ ਲਈ ਸਿਹਤ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਦਿਖਾਉਂਦੇ ਹੋਏ ਮੈਡੀਕਲ ਸਹੂਲਤਾਂ ਦੇ ਰਹੇ ਹਨ।
ਡਾਕਟਰਾਂ ਨੇ ਕਿਹਾ ਕਿ ਇਸ ਘਟਨਾ ’ਚ ਪ੍ਰਸ਼ਾਸਨ ਵੱਲੋਂ ਇਨਸਾਫ਼ ਕੀਤੇ ਜਾਣ ਅਤੇ ਸੂਬੇ ਦੇ ਸਿਹਤ ਸਕੱਤਰ ਨੂੰ ਹਟਾਏ ਜਾਣ ਦੀਆਂ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਸੱਤ ਦਿਨ ਤੱਕ ਇੰਤਜ਼ਾਰ ਕਰਾਂਗੇ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਹ ਫਿਰ ਤੋਂ ਕੰਮ ਬੰਦ ਕਰ ਦੇਣਗੇ। ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ 9 ਅਗਸਤ ਨੂੰ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਇਹ ਡਾਕਟਰ ਉਦੋਂ ਤੋਂ ਡਾਕਟਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।





