ਨਵੀਂ ਦਿੱਲੀ : ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਅਗਲੇ ਮੁਖੀ ਹੋਣਗੇ, ਜਿਨ੍ਹਾ ਦਾ 5000 ਘੰਟਿਆਂ ਤੋਂ ਵੱਧ ਦਾ ਹਵਾਈ ਉਡਾਣਾਂ ਦਾ ਤਜਰਬਾ ਹੈ।ਉਹ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਥਾਂ ਲੈਣਗੇ।ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਸ ਸਮੇਂ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ 30 ਸਤੰਬਰ ਨੂੰ ਬਾਅਦ ਦੁਪਹਿਰ ਹਵਾਈ ਫ਼ੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ। ਇਸ ਸੰਬੰਧੀ ਬਿਆਨ ’ਚ ਕਿਹਾ ਗਿਆ ਹੈ, ‘ਸਰਕਾਰ ਨੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ, ਪੀ ਵੀ ਐੱਸ ਐੱਮ, ਏ ਵੀ ਐੱਸ ਐੱਮ, ਜੋ ਇਸ ਵੇਲੇ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਏਅਰ ਚੀਫ਼ ਮਾਰਸ਼ਲ ਦੇ ਰੈਂਕ ਵਿਚ ਹਵਾਈ ਫ਼ੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਇਹ ਹੁਕਮ 30 ਸਤੰਬਰ ਬਾਅਦ ਦੁਪਹਿਰ ਤੋਂ ਅਮਲ ਵਿਚ ਆਉਣਗੇ।’ ਮੌਜੂਦਾ ਏਅਰ ਚੀਫ਼ ਮਾਰਸ਼ਲ ਚੌਧਰੀ 30 ਸਤੰਬਰ ਨੂੰ ਸੇਵਾ-ਮੁਕਤ ਹੋ ਜਾਣਗੇ।
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ 1984 ’ਚ ਹਵਾਈ ਫੌਜ ’ਚ ਕਮਿਸ਼ਨ ਪ੍ਰਾਪਤ ਕੀਤਾ ਸੀ। ਉਹ ਕਈ ਅਹਿਮ ਅਹੁੱਦਿਆਂ ’ਤੇ ਰਹਿ ਚੁੱਕੇ ਹਨ। ਉਹ ਵਾਈਸ ਏਅਰ ਚੀਫ਼ ਤੋਂ ਇਲਾਵਾ ਸੈਂਟਰਲ ਏਅਰ ਕਮਾਂਡ ਦੇ ਅਫਸਰ ਕਮਾਂਡਿੰਗ ਇਨ ਚੀਫ਼ ਵੀ ਰਹਿ ਚੁੱਕੇ ਹਨ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਇੱਕ ਫਾਈਟਰ ਪਾਇਲਟ ਹਨ। ਉਹ ਬਤੌਰ ਪਾਇਲਟ ਮਾਸਕੋ ਮਿਗ-29 ਫਾਈਟਰ ਅਪਗ੍ਰੇਡ ਪ੍ਰੋਜੈਕਟ ਮੈਨੇਜਮੈਂਟ ਟੀਮ ਦੀ ਅਗਵਾਈ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਦੇਸੀ ਲੜਾਕੂ ਜਹਾਜ਼ ‘ਤੇਜਸ’ ਦੇ ਪ੍ਰੋਜੈਕਟ ਡਾਇਰੈਕਟਰ ਰਹਿ ਚੁੱਕੇ ਹਨ।



