ਆਸਰੋਂ ਪੁਲਸ ਚੌਕੀ ਹਮਲੇ ’ਚ ਤਿੰਨ ਚਾਰਜਸ਼ੀਟ

0
162

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ 1 ਅਤੇ 2 ਦਸੰਬਰ, 2024 ਦੀ ਦਰਮਿਆਨੀ ਰਾਤ ਨੂੰ ਨਵਾਂ ਸ਼ਹਿਰ ਦੇ ਆਸਰੋਂ ਦੀ ਪੁਲਸ ਚੌਕੀ ’ਤੇ ਗ੍ਰਨੇਡ ਹਮਲੇ ਨਾਲ ਸੰਬੰਧਤ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ।
ਇਨ੍ਹਾਂ ਦਾ ਸੰਬੰਧ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜ਼ੈੱਡ ਐੱਫ) ਨਾਲ ਦੱਸਿਆ ਜਾਂਦਾ ਹੈ। ਯੁਗਪ੍ਰੀਤ ਸਿੰਘ ਉਰਫ ਯੁਵੀ ਨਿਹੰਗ, ਜਸਕਰਨ ਸਿੰਘ ਉਰਫ ਸ਼ਾਹ ਅਤੇ ਹਰਜੋਤ ਸਿੰਘ ਉਰਫ ਜੋਤ ਹੁੰਦਲ, ਸਾਰੇ ਨਵਾਂ ਸ਼ਹਿਰ ਦੇ ਰਾਹੋਂ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਖਿਲਾਫ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਐੱਨ ਆਈ ਏ ਨੇ ਕੇ ਜ਼ੈੱਡ ਐੱਫ ਮੁਖੀ ਰਣਜੀਤ ਸਿੰਘ ਉਰਫ ਨੀਟਾ, ਸੰਗਠਨ ਦੇ ਮੈਂਬਰ ਆਪਰੇਟਿਵ ਜਗਜੀਤ ਸਿੰਘ ਲਹਿਰੀ ਉਰਫ ਜੱਗਾ ਉਰਫ ਜੱਗਾ ਮੀਆਂਪੁਰ ਉਰਫ ਹਰੀ ਸਿੰਘ (ਮੌਜੂਦਾ ਸਮੇਂ ਯੂ ਕੇ ਵਿੱਚ) ਅਤੇ ਹੋਰ ਅਣਪਛਾਤੇ ਦਹਿਸ਼ਤੀ ਕਾਰਕੁਨਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨ ਆਈ ਏ, ਜਿਸ ਨੇ ਇਸ ਸਾਲ ਮਾਰਚ ਵਿੱਚ ਪੰਜਾਬ ਪੁਲਸ ਤੋਂ ਕੇਸ ਆਪਣੇ ਹੱਥ ਵਿਚ ਲੈ ਲਿਆ ਸੀ, ਨੇ ਹੁਣ ਤੱਕ ਦੀ ਜਾਂਚ ਵਿਚ ਪਾਇਆ ਹੈ ਕਿ ਜੱਗਾ ਨੇ ਯੂ ਕੇ ਵਿੱਚ ਇੱਕ ਜਾਣਕਾਰ ਰਾਹੀਂ ਯੁਗਪ੍ਰੀਤ ਸਿੰਘ ਨੂੰ ਭਰਤੀ ਕੀਤਾ ਸੀ।
ਜੱਗਾ ਨੇ ਹੋਰ ਕੇ ਜ਼ੈੱਡ ਐੱਫ ਦਹਿਸ਼ਤਗਰਦਾਂ ਅਤੇ ਕਾਰਕੁਨਾਂ ਨਾਲ ਯੁਗਪ੍ਰੀਤ ਨੂੰ ਕੱਟੜਪੰਥੀ ਬਣਾਇਆ ਸੀ ਅਤੇ ਐਨਕਿ੍ਰਪਟਡ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਉਸ ਦੇ ਸੰਪਰਕ ਵਿੱਚ ਸੀ।
ਜੱਗਾ ਨੇ ਕੈਨੇਡਾ-ਅਧਾਰਤ ਸੰਸਥਾਵਾਂ ਦੀ ਇੱਕ ਗੁੰਝਲਦਾਰ ਲੜੀ ਰਾਹੀਂ ਯੁਗਪ੍ਰੀਤ ਨੂੰ 4.36 ਲੱਖ ਰੁਪਏ ਤੋਂ ਵੱਧ ਦੇ ਫੰਡ ਵੀ ਪ੍ਰਦਾਨ ਕੀਤੇ ਸਨ, ਜਿਨ੍ਹਾਂ ਦੀ ਪਛਾਣ ਅਤੇ ਜਾਂਚ ਕੀਤੀ ਗਈ ਹੈ। ਯੁਗਪ੍ਰੀਤ ਨੇ ਬਦਲੇ ਵਿੱਚ ਦੋ ਹੋਰ ਚਾਰਜਸ਼ੀਟ ਕੀਤੇ ਮੁਲਜ਼ਮਾਂ ਨੂੰ ਭਰਤੀ ਕੀਤਾ ਸੀ ਅਤੇ ਤਿੰਨਾਂ ਨੇ ਚੌਕੀ ’ਤੇ ਹਮਲਾ ਕੀਤਾ ਸੀ। ਤਿੰਨਾਂ ਮੁਲਜ਼ਮਾਂ ਨੂੰ ਨਵੰਬਰ 2024 ਦੇ ਸ਼ੁਰੂ ਵਿੱਚ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਗ੍ਰਨੇਡ ਪ੍ਰਦਾਨ ਕੀਤੇ ਗਏ ਸਨ।