ਚੀਨ ਤੇ ਰੂਸ ਵੱਲੋਂ ਅਮਰੀਕਾ ਨੂੰ ਤਾੜਨਾ

0
98

ਬੀਜਿੰਗ : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ-ਇਜ਼ਰਾਈਲ ਜੰਗ ਵਿੱਚ ਕੁੱਦਣ ਦੀ ਸੋਚਣ ਦੀਆਂ ਰਿਪੋਰਟਾਂ ਦਰਮਿਆਨ ਚੀਨ ਨੇ ਅਮਰੀਕਾ ਨੂੰ ਤਾਕਤ ਦੀ ਵਰਤੋਂ ਖਿਲਾਫ ਖਬਰਦਾਰ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੁਓ ਜਿਆਕੁਨ ਨੇ ਵੀਰਵਾਰ ਪ੍ਰੈੱਸ ਬ੍ਰੀਫਿੰਗ ’ਚ ਕਿਹਾ ਕਿ ਅਮਰੀਕਾ ਵੱਲੋਂ ਤਾਕਤ ਦੀ ਵਰਤੋਂ ਈਰਾਨ ਦੀ ਪ੍ਰਭੂਸੱਤਾ ਤੇ ਸੁਰੱਖਿਆ ਦੀ ਉਲੰਘਣਾ ਸਮਝੀ ਜਾਵੇਗੀ। ਚੀਨ ਕਿਸੇ ਹੋਰ ਦੇਸ਼ ਦੀ ਪ੍ਰਭੂਸੱਤਾ, ਸੁਰੱਖਿਆ ਤੇ ਖੇਤਰੀ ਅਖੰਡਤਾ ਦੀ ਉਲੰਘਣਾ ਦੀ ਕਿਸੇ ਵੀ ਕਾਰਵਾਈ ਅਤੇ ਕੌਮਾਂਤਰੀ ਰਿਸ਼ਤਿਆਂ ਵਿੱਚ ਤਾਕਤ ਦੀ ਵਰਤੋਂ ਜਾਂ ਵਰਤਣ ਦੀ ਧਮਕੀ ਦਾ ਵਿਰੋਧ ਕਰਦਾ ਹੈ। ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਹਫਤੇ ਇਜ਼ਰਾਈਲ ਦੇ ਈਰਾਨ ’ਤੇ ਹਮਲੇ ’ਤੇ ਡੂੰਘੀ ਚਿੰਤਾ ਪ੍ਰਗਟਾਈ ਸੀ। ਉਨ੍ਹਾ ਕਜ਼ਾਕਿਸਤਾਨ ਵਿੱਚ ਪੰਜ ਕੇਂਦਰੀ ਏਸ਼ੀਆਈ ਦੇਸ਼ਾਂ ਦੇ ਸਿਖਰ ਸੰਮੇਲਨ ਦੌਰਾਨ ਫੌਰੀ ਜੰਗਬੰਦੀ ਦਾ ਸੱਦਾ ਦਿੱਤਾ ਸੀ। ਇਸੇ ਦੌਰਾਨ ਰੂਸ ਨੇ ਵੀ ਕਿਹਾ ਹੈ ਕਿ ਅਮਰੀਕਾ ਦਾ ਦਖਲ ਸਥਿਤੀ ਨੂੰ ਹੋਰ ਵਿਗਾੜੇਗਾ।